ਸੁਖਬੀਰ ਵੱਲੋਂ ਚੋਣ ਜਿੱਤਣ ਦੀ ਰਣਨੀਤੀ
|
|
|
ਬਠਿੰਡਾ, 29 ਅਪ੍ਰੈਲ- ਕੀ ਇਹ ਸੰਭਵ ਹੈ ਕਿ ਅਕਾਲੀ ਦਲ ਪੰਜਾਬ 'ਚ ਉਸ ਵੱਲੋਂ ਲੜੀਆਂ ਜਾ ਰਹੀਆਂ 10 ਸੀਟਾਂ 'ਚੋਂ 8-9 ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕੇਗਾ? ਇਸ ਸੰਬੰਧੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਣਾਈ ਚੋਣ ਰਣਨੀਤੀ 'ਚ ਘੱਟੋ ਘੱਟ ਇਹ ਟੀਚਾ ਮਿੱਥ ਕੇ ਇਸਦੀ ਪੂਰਤੀ ਲਈ ਜਿੱਤਣ ਦੇ ਹੱਥਕੰਡੇ ਵੀ ਨੇਪਰੇ ਚਾੜ੍ਹ ਲਏ ਗਏ ਹਨ, ਜਿਸਦੀ ਅਜ਼ਮਾਇਸ਼ ਪਹਿਲੇ ਗੇੜ 'ਚ ਹੋਣ ਵਾਲੀਆਂ ਦੋ ਸੀਟਾਂ ਤੇ ਕੀਤੀ ਜਾਵੇਗੀ। ਕਾਂਗਰਸੀ ਹਲਕਿਆਂ 'ਚ 'ਹੱਲਚੱਲ ਪੈਦਾ ਕਰਨ ਵਾਲੀ ਇਸ ਅਨੂਠੀ ਚਰਚਾ ਅਨੁਸਾਰ ਬਠਿੰਡਾ ਤੇ ਪਟਿਆਲਾ ਦੇ ਬੂਥਾਂ ਨੂੰ ਇਕਾਈਆਂ ਬਣਾ ਕੇ 21 ਮੈਂਬਰੀ ਅਕਾਲੀ ਵਰਕਰਾਂ ਦੀ ਜਿਨ੍ਹਾਂ 'ਚ ਬਹੁ ਗਿਣਤੀ ਐਸ. ਓ. ਆਈ. ਦੇ ਨੌਜਵਾਨ ਮੁੰਡੇ ਹਨ, ਇਸ ਟੋਲੀ ਦੀ ਅਗਵਾਈ ਸਥਾਨਿਕ ਬਾਦਲ ਪਰਿਵਾਰ ਦੇ ਭਰੋਸੇਯੋਗ ਅਕਾਲੀ ਆਗੂ ਨੂੰ ਸੌਂਪੀ ਗਈ ਹੈ, ਦੀ ਬੂਥ ਵਾਰ ਡਿਊਟੀ ਲਾਈ ਗਈ ਹੈ ਕਿ ਉਹ ਆਪੋ ਆਪਣੇ ਬੂਥਾਂ ਦੀਆਂ ਵੋਟਾਂ 'ਚ ਵਿਕਾਊ ਵੋਟਾਂ, ਡਰੂ ਵੋਟਾਂ, ਮੁਲਾਜ਼ਮ ਵੋਟਾਂ ਤੇ ਕੱਟੜ ਕਾਂਗਰਸੀ ਵੋਟਾਂ ਜਿਨ੍ਹਾਂ ਨੇ ਕਾਂਗਰਸੀ ਵੋਟਾਂ ਭੁਗਤਵਾਉਣੀਆਂ ਹਨ, ਦੀਆਂ ਸੂਚੀਆਂ ਤਿਆਰ ਕਰਨਾ ਦਲ ਦੀ ਅਫ਼ਵਾਹ ਅਨੁਸਾਰ ਇਨ੍ਹਾਂ ਸੂਚੀਆਂ ਅਨੁਸਾਰ ਵਿਕਾਊ ਵੋਟਾਂ ਨੂੰ ਉਨ੍ਹਾਂ ਦਾ ਮੁੱਲ, ਉਨ੍ਹਾਂ ਦੇ ਮੂੰਹੋਂ ਪੁੱਛਿਆ ਜਾਵੇਗਾ ਅਤੇ ਮੂੰਹੋ ਮੰਗਿਆ ਮੁੱਲ ਤੁਰੰਤ ਅਦਾ ਕਰਕੇ, ਉਸਤੋਂ ਪਰਿਵਾਰ ਸਮੇਤ ਸਹੁੰ ਚੁਕਾਈ ਜਾਵੇਗੀ, ਇਹ ਸਹੁੰ ਘਰ ਦੀ ਔਰਤ ਤੋਂ ਲਈ ਜਾਵੇਗੀ, ਕਿਉਂਕਿ ਔਰਤ ਦੀ ਸਹੁੰ ਤੇ ਮਰਦਾਂ ਨਾਲੋਂ ਵੱਧ ਭਰੋਸਾ ਕੀਤਾ ਜਾਂਦਾ ਹੈ। ਡਰੂ ਵੋਟਾਂ ਨੂੰ ਇਹ ਬ੍ਰਿਗੇਡ ਸਰਕਾਰ ਦਾ ਪੁਲਿਸ ਦਾ ਅਤੇ ਆਪਣਾ ਡਰਾਵਾ ਦੇਵੇਗੀ ਅਤੇ ਉਸਨੂੰ ਵੋਟਾਂ ਵਾਲੇ ਦਿਨ ਘਰੋਂ ਨਾ ਨਿਕਲਣ ਦੀ ਹਦਾਇਤ ਜਾਰੀ ਕੀਤੀ ਜਾਵੇਗੀ। ਮੁਲਾਜ਼ਮ ਵੋਟ ਨੂੰ ਉਸਦੇ ਉੱਚ ਅਫਸਰ ਵੱਲੋਂ ਅਖਵਾ ਕੇ, ਜਾਂ ਫਿਰ ਉਸਦੀ ਬਦਲੀ ਜਾਂ ਹੋਰ ਕੰਮਜ਼ੋਰੀ ਦੇ ਡਰਾਵੇ ਨਾਲ ਵੋਟ, ਪਾਰਟੀ ਦੇ ਹੱਕ 'ਚ ਪਾਉਣ ਜਾਂ ਫਿਰ ਘਰੇ ਰਹਿਣ ਲਈ ਹੀ ਆਖਿਆ ਜਾਵੇਗਾ। ਇਸ ਤੋਂ ਬਾਅਦ ਵਾਰੀ ਹੈ, ਉਨ੍ਹਾਂ ਕਾਂਗਰਸੀ ਆਗੂਆਂ ਦੀ, ਜਿਨ੍ਹਾਂ ਨੇ ਪੋਲਿੰਗ ਬੂਥ ਲਾਉਣੇ ਹਨ ਜਾਂ ਫਿਰ ਵੋਟਾਂ ਭੁਗਤਾਉਣੀਆਂ ਹਨ, ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਇਹ ਬ੍ਰਿਗੇਡ ਵੋਟਾਂ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ, ਖੁਦ ਸਿੱਧਾ ਪੰਗਾ ਲਵੇਗੀ ਤਾਂ ਕਿ ਲੁੱਟ ਮਾਰ ਤੇ ਹਮਲਾ ਕਰਨ ਦੇ ਦੋਸ਼ 'ਚ ਇਹ ਕਾਂਗਰਸੀ ਆਗੂ ਜੇਲ੍ਹ ਭੇਜ ਦਿੱਤੇ ਜਾਣ ਅਤੇ ਵੋਟਾਂ ਭੁਗਤ ਜਾਣ ਤੋਂ ਬਾਅਦ ਹੀ ਜਮਾਨਤ ਲੈ ਸਕਣ। ਇਸ ਯੋਜਨਾ ਦੇ ਸਿਰੇ ਚੜ੍ਹ ਜਾਣ ਤੇ ਅਕਾਲੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਮੰਨਿਆ ਜਾ ਰਿਹਾ ਹੈ। ਜਾਣਕਾਰ ਸੂਤਰਾਂ ਅਨੁਸਾਰ ਬਠਿੰਡਾ ਨੇੜਲੇ ਮਾਨਸਾ, ਬਰਨਾਲਾ ਜਿਲਿਆਂ ਤੋਂ ਇਲਾਵਾ ਮਾਝੇ ਤੋਂ 20 ਹਜ਼ਾਰ ਅਕਾਲੀ ਵਰਕਰਾਂ ਦਾ ਜਮਾਵੜਾ 2 ਮਈ ਤੋਂ ਬਠਿੰਡੇ ਤੇ ਪਟਿਆਲੇ ਨੇੜਲੇ ਜ਼ਿਲਿਆਂ ਦਾ ਪਟਿਆਲੇ ਲੱਗ ਜਾਣਾ ਹੈ। ਇਸ ਚੋਣ ਜਿੱਤੂ ਯੋਜਨਾ ਦੀ ਭਿਣਕ ਕਾਂਗਰਸੀ ਕੰਨਾਂ ਤੱਕ ਵੀ ਪੁੱਜ ਚੁੱਕੀ ਹੈ ਅਤੇ ਇਸਨੂੰ ਸੁਣਨ ਤੋਂ ਬਾਅਦ ਉਨ੍ਹਾਂ ਦੇ ਹੱਥ-ਪੈਰ ਫੁੱਲ੍ਹੇ ਹੋਏ ਹਨ। ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਕਾਇਤ ਚਿੱਠੀ ਲਿਖਕੇ ਬਠਿੰਡਾ 'ਚੋਂ ਬਾਹਰਲੇ ਵਿਅਕਤੀਆਂ ਨੂੰ ਚੋਣ ਤੋਂ 48 ਘੰਟੇ ਪਹਿਲਾਂ, ਬਾਹਰ ਕੱਢਣ ਲਈ ਆਖਿਆ ਹੈ, ਪ੍ਰੰਤੂ ਪਿੰਡਾਂ 'ਚ ਅਕਾਲੀਆਂ ਦੇ ਘਰੀ ਬੈਠੇ 'ਜਰਨੈਲਾਂ' ਦੀ ਪਛਾਣ ਤੇ ਸੂਹ ਕੌਣ ਕੱਢੇਗਾ? ਕਾਂਗਰਸ ਪਾਰਟੀ ਸੁਖਬੀਰ ਦੀ ਇਸ 'ਜਿਵੇਂ ਮਰਜ਼ੀ ਚੋਣ ਜਿੱਤੂ' ਰਣਨੀਤੀ ਦੀ ਕਾਂਟ ਕਿਵੇਂ ਕਰਦੀ ਹੈ ਇਸ ਤੇ ਹੀ ਚੋਣ ਨਤੀਜੇ ਨਿਰਭਰ ਕਰਨਗੇ। ਫ਼ਿਲਹਾਲ ਅਕਾਲੀ ਦਲ ਦਾ ਨਵਾਂ ਸੁਪਰੀਮੋ ਆਪਣੀ ਚੋਣ ਰਣਨੀਤੀ ਦੀ ਸਫ਼ਲਤਾ ਲਈ ਪੂਰਾ-ਪੂਰਾ ਆਸ਼ਵੰਦ ਹੈ।
|
|
News Source :Chardhikala News Service
|
|
|
ਅਮਰਿੰਦਰ ਵੱਲੋਂ ਚੋਣ ਦੰਗਲ ਦੀ ਤਿਆਰੀ
|
|
|
ਚੰਡੀਗੜ੍ਹ 12 ਨਵੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਚੋਣ ਕਮੇਟੀ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਲਸ਼ਕਰ ਦੀ ਤਿਆਰੀ ਚੁੱਪ-ਚਪੀਤੇ ਆਪਣੇ ਹੀ ਢੰਗ ਨਾਲ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ ਪਰ ਇਸ ਤਿਆਰੀ ਨੂੰ ਕੈਪਟਨ ਸਿੰਘ ਜਿੰਨੀ ਗੰਭੀਰਤਾ ਨਾਲ ਲੈ ਰਹੇ ਕਿ ਉਹ ਅੱਜ ਕੱਲ੍ਹ ਸਵੇਰੇ 9 ਵਜੇ ਤੋਂ ਹੀ ਕਾਂਗਰਸੀ ਵਰਕਰਾਂ, ਵਿਧਾਇਕਾਂ ਅਤੇ ਸੀਨੀਅਰ ਲੀਡਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਹਨ ਅਤੇ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ 'ਚੋਂ ਆਏ ਵਰਕਰਾਂ ਨਾਲ ਬੈਠਕਾਂ ਕਰਕੇ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਸਬੰਧ 'ਚ ਉਨ੍ਹਾਂ ਦੀਆਂ ਡਿਊਟੀਆਂ ਲਗਾ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਮਬੰਦ ਕਰ ਰਹੇ ਹਨ। ਜਾਣਕਾਰੀ ਅਨੁਸਾਰ ਕੈਪਟਨ ਸਿੰਘ ਇਸ ਸਮੇਂ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਅਤੇ ਚੋਣ ਮੁਹਿੰਮ ਦੀ ਤਿਆਰੀ ਸਬੰਧੀ ਸਿੱਧੀ ਰਿਪੋਰਟ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਕਰ ਰਹੇ ਹਨ ਭਾਵੇਂ ਉਹ ਚੋਣਾਂ ਦੀ ਤਿਆਰੀ ਸਬੰਧੀ ਪ੍ਰਵੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੂੰ ਵੀ ਆਪਣੇ ਨਾਲ ਲੈ ਕੇ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਚੋਣ ਕੰਪੇਨ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਨ। ਕੈਪਟਨ ਸਿੰਘ ਦੇ ਨਜ਼ਦੀਕੀ ਵਿਧਾਇਕ ਜੀਤਮਹਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਮੋਤੀ ਮਹਿਲ ਪਟਿਆਲਾ ਤੋਂ ਕੀਤੀ ਜਾ ਰਹੀ ਚੋਣ ਮੁਹਿੰਮ ਦੀ ਤਿਆਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਪਟਨ ਸਿੰਘ ਹਰ ਰੋਜ਼ 8-10 ਦੇ ਕਰੀਬ ਵਿਧਾਇਕਾਂ, ਸੀਨੀਅਰ ਕਾਂਗਰਸੀ ਲੀਡਰਾਂ, ਵਰਕਰਾਂ ਨਾਲ ਮੀਟਿੰਗਾਂ ਕਰਕੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਡਿਊਟੀਆਂ ਲਾਉਣ ਲਈ ਸੂਚੀਆਂ ਤਿਆਰ ਕਰਵਾ ਰਹੇ ਹਨ। ਇਸ ਦੇ ਨਾਲ ਹੀ ਕੈਪਟਨ ਸਿੰਘ ਨੇ ਸੰਭਾਵੀ ਉਮੀਦਵਾਰਾਂ ਦੀਆਂ ਲਿਸਟਾਂ ਬਣਾਉਣੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਸਬੰਧ ਵਿਚ ਉਹ ਹਲਕੇ ਵਾਰ ਵਿਧਾਇਕਾਂ, ਲੀਡਰਾਂ, ਪੁਰਾਣੇ ਤੇ ਨਵੇਂ ਕਾਂਗਰਸੀ ਵਰਕਰਾਂ ਤੋਂ ਉਮੀਦਵਾਰਾਂ ਬਾਰੇ ਫੀਡ ਬੈਂਕ ਇਕੱਠੀ ਲੈ ਰਹੇ ਹਨ। ਸ੍ਰੀ ਸਿੱਧੂ ਨੇ ਦੱਸਿਆ ਕਿ ਕੈਪਟਨ ਸਿੰਘ 15 ਨਵੰਬਰ ਤੋਂ ਪਾਰਟੀ ਦੇ ਦੂਜੇ ਸੀਨੀਅਰ ਨੇਤਾਵਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਕੇ ਪੀ ਅਤੇ ਹੋਰਨਾਂ ਨਾਲ ਮਿਲ ਕੇ ਪੰਜਾਬ ਭਰ ਲਈ ਪਾਰਟੀ ਦਾ ਚੋਣ ਪ੍ਰੋਗਰਾਮ ਉਲੀਕਣਗੇ ਅਤੇ ਚੋਣ ਮੁਹਿੰਮ ਵੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੈਪਟਨ ਸਿੰਘ ਦਾ ਇਸੇ ਮਹੀਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ। ਉਹ ਆਪਣੇ ਵੱਲੋਂ ਤਿਆਰ ਕੀਤੀਆਂ ਗਈਆਂ ਚੋਣ ਕਮਾਂਡਰਾਂ ਦੀਆ ਸੂਚੀਆਂ ਅਤੇ ਪੰਜਾਬ ਦੇ ਤਾਜ਼ਾ ਸਿਆਸੀ ਹਲਾਤਾਂ ਦੀ ਰਿਪੋਰਟ ਸ੍ਰੀਮਤੀ ਗਾਂਧੀ ਨੂੰ ਸੌਂਪਣਗੇ। ਕੈਪਟਨ ਅਮਰਿੰਦਰ ਸਿੰਘ ਦੇ ਇੱਕ ਹੋਰ ਅਤੀ ਨਜ਼ਦੀਕੀ ਵਿਧਾਇਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਕੈਪਟਨ ਸਿੰਘ ਨੇ ਲਗਭਗ 15-16 ਪਿੰਡਾਂ ਦੇ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਦੀਆਂ ਚੋਣ ਕੰਪੇਨ ਸਬੰਧੀ ਡਿਊਟੀਆਂ ਲਗਾਈਆਂ ਹਨ। ਇਸ ਸਾਰੇ ਕਾਂਗਰਸੀ ਵਰਕਰ ਮਾਲਵੇ ਦੇ ਪਿੰਡਾਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਵਿਧਾਇਕ ਨੇ ਦੱਸਿਆ ਕਿ ਬਠਿੰਡੇ ਦੇ ਪਿੰਡਾਂ ਅਤੇ ਖਾਸ ਕਰਕੇ ਬਠਿੰਡਾ ਜ਼ਿਲ੍ਹੇ ਲਈ ਕੈਪਟਨ ਸਿੰਘ ਨੇ ਯੁਵਰਾਜ ਰਣਇੰਦਰ ਸਿੰਘ, ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਸਮੇਤ ਜੀਤਮਹਿੰਦਰ ਸਿੰਘ ਸਿੱਧੂ ਅਤੇ ਸੀਨੀਅਰ ਲੀਡਰਾਂ ਨੂੰ ਵਰਕਰਾਂ ਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਕਮਾਨ ਸੌਂਪੀ ਹੋਈ ਹੈ। ਇਸ ਦੇ ਨਾਲ ਇਹ ਵੀ ਪਤਾ ਲੱਗਿਆ ਹੈ ਕਿ ਕੈਪਟਨ ਅਮਰਿੰਦਰ ਵੱਲੋਂ ਪਟਿਆਲੇ ਤੋਂ ਮੋਤੀ ਮਹਿਲ ਵਿਚੋਂ ਕੀਤੀ ਜਾ ਚੋਣ ਤਿਆਰੀ 'ਚ ਅਹਿਮ ਰੋਲ ਉਨ੍ਹਾਂ ਦੇ ਸਾਬਕਾ ਸਿਆਸੀ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਨਿਭਾਇਆ ਜਾ ਰਿਹਾ। ਉਹ ਹੀ ਉਨ੍ਹਾਂ ਦੀਆਂ ਮੀਟਿੰਗਾਂ ਦਾ ਵਰਕਰਾਂ 'ਤੇ ਵਿਧਾਇਕਾਂ ਨਾਲ ਪ੍ਰੋਗਰਾਮ ਤੇਅ ਕਰਦੇ ਹਨ।
|
|
News Source :Reporter
|
|
|
ਮਾਲਵੇ ਚ ਡੇਰਾ ਪ੍ਰੇਮੀ ਅਕਾਲੀ ਦਲ ਦੇ ਵਿਰੁੱਧ
|
|
|
ਚੰਡੀਗਡ਼੍ਹ 12 ਨਵੰਬਰ- ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਸਿੱਧੇ ਤੌਰ 'ਤੇ ਸਮਰਥਨ ਦੇਣ ਵਾਲਾ ਡੇਰਾ ਸਿਰਸਾ ਸੱਚਾ ਸੌਦਾ ਇਸ ਵਾਰ ਕਿਸ ਪਾਰਟੀ ਨੂੰ ਅਪਣਾ ਸਮਰਥਨ ਦੇਵੇਗਾ, ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡੇਰੇ ਵੱਲੋਂ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਸਮਰਥਨ ਦੇਣ ਕਾਰਨ ਮਾਲਵਾ ਖੇਤਰ ਵਿਚ ਅਕਾਲੀ ਦਲ ਦੀ ਹਾਲਤ ਕਾਫੀ ਪਤਲੀ ਹੋ ਗਈ ਸੀ ਅਤੇ ਉਸ ਨੂੰ ਇੱਕਾ ਦੁੱਕਾ ਸੀਟਾਂ ਹੀ ਹੱਥ ਲੱਗੀਆਂ ਸਨ ਪਰ ਅਜੇ ਤੱਕ ਡੇਰੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਉਹ ਕਿਸ ਪਾਰਟੀ ਨੂੰ ਸਮਰਥਨ ਦੇਵੇਗਾ। ਇਸ ਬਾਰੇ ਸਿਰਸਾ ਡੇਰਾ ਦਾ ਸਿਆਸੀ ਵਿੰਗ ਮਾਲਵਾ ਖੇਤਰ ਵਿਚ ਪ੍ਰੇਮੀਆਂ ਤੋਂ ਜਾਇਜ਼ਾ ਲੈ ਰਿਹਾ ਹੈ ਜਿਸ ਮਗਰੋਂ ਲੋਕ ਸਭਾ ਚੋਣਾਂ ਦੌਰਾਨ ਕਿਸ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ, ਬਾਰੇ ਫੈਸਲਾ ਕੀਤਾ ਜਾਵੇਗਾ। ਉਧਰ ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਦੇ ਦੋਹਤੇ ਲਾਭ ਸਿੰਘ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਡੇਰੇ ਦੇ ਪ੍ਰੇਮੀਆਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿਚ ਨਾ ਜਾਣ ਲਈ ਪ੍ਰੇਰਿਤ ਕਰਨਗੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਨੁਮਾਇੰਦੇ ਰਾਮ ਸਿੰਘ ਦਾ ਕਹਿਣਾ ਹੈ ਕਿ ਮਾਲਵਾ ਖੇਤਰ ਦੇ 87 ਬਲਾਕਾਂ ਵਿਚ 7 ਮੈਂਬਰੀ ਸਿਆਸੀ ਵਿੰਗ ਮੀਟਿੰਗਾਂ ਕਰਕੇ ਪ੍ਰੇਮੀਆਂ ਦੇ ਰੁਝਾਨ ਨੂੰ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਮ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਦਾ ਮੁਖੀ ਸਿਆਸੀ ਵਿੰਗ ਵਿਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ ਜਿਸ ਕਾਰਨ ਸਿਆਸੀ ਵਿੰਗ ਆਪਣੇ ਫੈਸਲੇ ਲੈਣ ਲਈ ਅਜ਼ਾਦ ਹੈ। ਰਾਮ ਸਿੰਘ ਨੇ ਦਾਅਵਾ ਕੀਤਾ ਕਿ ਡੇਰੇ ਦੇ ਪ੍ਰੇਮੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਵਿਚ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਆਗੂਆਂ ਦੇ ਦਬਾਅ ਹੇਠ ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਗਏ ਅਤੇ ਉਨ੍ਹਾਂ ਨੂੰ ਨਾਮ ਚਰਚਾ ਵੀ ਨਹੀਂ ਕਰਨ ਦਿੱਤੀ ਗਈ। ਰਾਮ ਸਿੰਘ ਨੇ ਕਿਹਾ ਕਿ ਡੇਰੇ ਦੇ ਪ੍ਰੇਮੀਆਂ ਤੋਂ ਇਹ ਸੁਝਾਅ ਵੀ ਲਏ ਜਾ ਰਹੇ ਹਨ ਕਿ ਡੇਰਾ ਆਪਣੇ ਬੂਤੇ 'ਤੇ ਚੋਣਾਂ ਲੜੇ, ਜਾਂ ਸਿਰਫ ਬਠਿੰਡਾ ਸੀਟ 'ਤੇ ਹੀ ਚੋਣ ਲੜੀ ਜਾਵੇ। ਰਾਮ ਸਿੰਘ ਨੇ ਆਖਿਆ ਕਿ ਮੌਜੂਦਾ ਹਾਲਾਤ ਵਿਚ ਨਹੀਂ ਲੱਗਦਾ ਕਿ ਡੇਰੇ ਵੱਲੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ, ਪਰ ਡੇਰਾ ਸਰਵੇਖਣ ਦੇ ਅਧਾਰ 'ਤੇ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਦੇ ਸਕਦਾ ਹੈ। ਪਿਛਲੇ ਸਮੇਂ ਦੌਰਾਨ ਇਹ ਖਬਰਾਂ ਵੀ ਆਈਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਡੇਰੇ ਦਾ ਸਮਰਥਨ ਹਾਸਲ ਕਰਨ ਲਈ ਡੇਰੇ ਦੇ ਆਗੂਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਦਲਜੀਤ ਸਿੰਘ ਚੀਮਾ ਨੇ ਸਖਤ ਸ਼ਬਦਾਂ ਵਿਚ ਇਸ ਗੱਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪਾਰਟੀ ਵਿਚ ਅਜੇ ਇਸ ਬਾਰੇ ਮੁੱਦਾ ਵਿਚਾਰਿਆ ਜਾਣਾ ਹੈ। ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਦੋਹਤੇ ਲਾਭ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸਮਰਥਕਾਂ ਨਾਲ ਇਕ ਵਿਸ਼ੇਸ਼ ਮੁਹਿੰਮ ਚਲਾਉਣਗੇ ਅਤੇ ਡੇਰੇ ਦੇ ਪ੍ਰੇਮੀਆਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਪਖ ਵਿਚ ਨਾ ਜਾਣ। ਲਾਭ ਸਿੰਘ ਨੇ ਕਿਹਾ ਕਿ ਜੇਕਰ ਡੇਰੇ ਨੇ ਸਿਆਸੀ ਗਤੀਵਿਧੀਆਂ ਬੰਦ ਨਾ ਕੀਤੀਆਂ ਤਾਂ ਉਸ ਦੇ ਪੈਰੋਕਾਰਾਂ ਦੀ ਗਿਣਤੀ ਘਟਦੀ ਜਾਵੇਗੀ ਅਤੇ ਆਖਰਕਾਰ ਇਸ ਦਾ ਅੰਤ ਹੋ ਜਾਵੇਗਾ। ਸੂਤਰਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਡੇਰੇ ਦੇ ਪੁਰਾਣੇ ਪ੍ਰੇਮੀ ਇਹ ਕਹਿ ਰਹੇ ਹਨ ਕਿ ਕਾਂਗਰਸ ਤੋਂ ਬਿਨਾਂ ਕਿਸੇ ਵੀ ਹੋਰ ਪਾਰਟੀ ਨੂੰ ਸਮਰਥ ਦਿੱਤੇ ਜਾਣ ਦੀ ਸੂਰਤ ਵਿਚ ਡੇਰਾ ਦੋਫਾੜ ਹੋ ਜਾਵੇਗਾ ਕਿਉਂਕਿ ਡੇਰੇ ਦਾ ਜ਼ਿਆਦਾਤਰ ਵੋਟ ਬੈਂਕ ਪਛੜੇ ਵਰਗ ਤੋਂ ਹੈ ਅਤੇ ਉਹ ਜ਼ਿਆਦਾਤਰ ਕਾਂਗਰਸ ਪੱਖੀ ਹਨ। ਉਹ ਅਕਾਲੀ ਦਲ ਨੂੰ ਵੋਟ ਪਾਉਣ ਦੀ ਥਾਂ ਬਸਪਾ ਨੂੰ ਵੋਟ ਪਾਉਣਾ ਪਸੰਦ ਕਰਨਗੇ।
|
|
News Source :Reporter
|
|
|
ਲੋਕ ਸਭਾ ਚੋਣਾਂ ਕਾਂਗਰਸ ਇਕੱਲਿਆ ਲੜ੍ਹੇਗੀ !
|
|
|
ਚੰਡੀਗੜ੍ਹ 9 ਨਵੰਬਰ- ਸਾਲ 2009 ਵਿੱਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਕਾਂਗਰਸ ਇਸ ਵਾਰ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਕਰਨ ਦੇ ਹੱਕ ਵਿੱਚ ਨਹੀਂ ਹੈ ਬਲਿਕ 13 ਦੀਆਂ 13 ਸੀਟਾਂ ਕਾਂਗਰਸ ਦੇ ਥੰਮਾਂ ਨੂੰ ਚੋਣ ਲੜਾਉਣ ਲਈ ਪੂਰੀ ਕੋਸ਼ਿਸ਼ ਵਿੱਚ ਹੈ। ਸੂਤਰਾਂ ਅਨੁਸਾਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਇਹ ਵੀ ਪੂਰਾ ਯਤਨ ਤੇ ਉਪਰਾਲਾ ਹੈ ਕਿ ਇਸ ਵਾਰ ਪ੍ਰਧਾਨ ਡਾ. ਮਨਮੋਹਨ ਸਿੰਘ ਪੰਜਾਬ ਤੋਂ ਅੰਮ੍ਰਿਤਸਰ ਪਾਰਲੀਮੈਂਟ ਹਲਕੇ ਤੋਂ ਚੋਣ ਲੜਨ। ਕਾਂਗਰਸ ਦਾ ਇਹ ਵੀ ਇੱਕ ਯਤਨ ਹੈ ਕਿ ਇਸ ਵਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਜਿਸ ਵਿੱਚ ਕੇਂਦਰੀ ਮੰਤਰੀ ਅੰਬਿਕਾ ਸੋਨੀ, ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਪਾਰਲੀਮੈਂਟ ਵਿੱਚ ਰਾਜ ਸਭਾ ਰਾਹੀਂ ਜਾਣ ਦੀ ਬਜਾਏ ਪੰਜਾਬ ਤੇ ਲੋਕ ਸਭਾ ਹਲਕਿਆਂ ਵਿੱਚੋਂ ਲੜਕੇ ਸੰਸਦ ਵਿੱਚ ਜਾਣ। ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਲੋਕ ਸਭਾ ਦਾ ਟਿਕਟ ਲੈਣ ਲਈ ਕਈ ਕਾਂਗਰਸੀ ਨੇਤਾਵਾਂ ਨੇ ਹੁਣ ਤੋਂ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਸ਼ ਲਈ ਪੰਜਾਬ ਦੇ ਕਈ ਮੌਜੂਦਾ ਵਿਧਾਇਕ ਤੇ ਸੀਨੀਅਰ ਲੀਡਰ ਟਿਕਟ ਲੈਣ ਲਈ ਕਾਂਗਰਸ ਹਾਈਕਮਾਂਡ ਨਾਲ ਰਾਬਤਾ ਰੱਖ ਰਹੇ ਹਨ ਅਤੇ ਆਪਣੇ ਜੁਗਾੜ ਫਿਟ ਕਰ ਰਹੇ ਹਨ ਕਿ ਕਿਸ ਤਰੀਕੇ ਨਾਲ ਟਿਕਟ ਹਾਸਲ ਕੀਤੀ ਜਾਵੇ।
|
|
News Source :Reporter
|
|
|
ਸੁਖਬੀਰ ਵੱਲੋਂ ਨੂਰਮਹਿਲੀਏ ਆਸ਼ੂਤੋਸ਼ ਨਾਲ ਮੀਟਿੰਗ
|
|
|
ਜਲੰਧਰ 28 ਅਕਤੂਬਰ- ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਡੇਰਿਆਂ ਨਾਲ ਰਾਬਤਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲਿਤ ਆਗੂ ਪਵਨ ਕੁਮਾਰ ਟੀਨੂੰ ਦੇ ਘਰ ਵਿਵਾਦਗ੍ਰਸਤ ਨੂਰਮਹਿਲ ਦੇ ਡੇਰੇ ਦੇ ਇੱਕ ਆਗੂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਹਾਲਾਂਕਿ ਬੰਦ ਕਮਰਾ ਮੀਟਿੰਗ ਦੇ ਵੇਰਵੇ ਤਾਂ ਨਹੀਂ ਮਿਲ ਸਕੇ ਪਰ ਉੱਥੇ ਹਾਜ਼ਰ ਹੋਰ ਆਗੂਆਂ ਨੇ ਇਹ ਮੀਟਿੰਗ ਹੋਣ ਦੀ ਪੁਸ਼ਟੀ ਜ਼ਰੂਰ ਕੀਤੀ ਹੈ। ਜ਼ਿਕਰਯੋਗ ਹੈ ਕਿ ਆਸੂਤੋਸ਼ ਦੇ ਚੇਲਿਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਅਕਾਲੀ ਦਲ-ਭਾਜਪਾ ਦੇ ਕਈ ਉਮੀਦਵਾਰਾਂ ਦੀ ਮਦਦ ਕਰਕੇ ਜਿਤਾਇਆ ਸੀ। ਬੰਗਾ ਹਲਕੇ ਦੇ ਅਕਾਲੀ ਵਿਧਾਇਕ ਚੌਧਰੀ ਮੋਹਨ ਲਾਲ ਆਸ਼ੂਤੋਸ਼ ਦੇ ਚੇਲਿਆਂ ਵੱਲੋਂ ਮਦਦ ਕਰਨ 'ਤੇ ਕਈ ਵਿਵਾਦਾਂ 'ਚ ਘਿਰੇ ਰਹੇ ਸਨ। ਯਾਦ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਇੱਕ ਹੁਕਮਨਾਮੇ ਅਨੁਸਾਰ ਵੀ ਨੂਰਮਹਿਲੀਏ ਡੇਰੇ 'ਤੇ ਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਉਚੇਚਾ ਜ਼ਿਕਰ ਹੈ। ਪੰਜਾਬ 'ਚ ਕਈ ਥਾਵਾਂ 'ਤੇ ਸਿੱਖਾਂ ਤੇ ਨੂਰਮਹਿਲੀਏ ਡੇਰੇ ਦੇ ਸੇਵਾਦਾਰਾਂ 'ਚ ਸਿੱਧਾ ਟਕਰਾਅ ਹੋ ਚੁੱਕਾ ਹੈ। ਕਈ ਥਾਂ ਗੋਲੀਆਂ ਚੱਲਣ ਦੀਆਂ ਵੀ ਖ਼ਬਰਾਂ ਆਉਂਦੀਆਂ ਰਹੀਆਂ ਹਨ। ਸੁਖਬੀਰ ਬਾਦਲ ਵੱਲੋਂ ਨੂਰਮਹਿਲੀਏ ਡੇਰੇ ਦੇ ਯੂਥ ਵਿੰਗ ਦੇ ਸੀਨੀਅਰ ਆਗੂ ਨਾਲ ਬੰਦ ਕਮਰਾ ਮੀਟਿੰਗ ਕੀਤੇ ਜਾਣ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਡੇਰੇ ਦੀਆਂ ਨਰਾਜ਼ਗੀਆਂ ਦੂਰ ਕਰਕੇ ਉਸ ਨੂੰ ਨੇੜੇ ਲਿਆਂਦਾ ਜਾਵੇਗਾ। ਇਸ ਮੀਟਿੰਗ 'ਚ ਭਾਜਪਾ ਦੇ ਦਲਿਤ ਵਿੰਗ ਦਾ ਇੱਕ ਨੌਜਵਾਨ ਆਗੂ ਵੀ ਹਾਜ਼ਰ ਸੀ। ਸਮਝਿਆ ਜਾ ਰਿਹਾ ਹੈ ਕਿ ਮੋਹਾਲੀ ਤੋਂ ਛਪਦੀ ਪੰਜਾਬੀ ਦੀ ਇੱਕ ਅਖ਼ਬਾਰ ਦੇ ਦਫ਼ਤਰਾਂ 'ਤੇ ਆਸੂਤੋਸ਼ ਦੀਆਂ ਚੇਲੀਆਂ ਤੇ ਚੇਲਿਆਂ ਨੇ ਜ਼ਬਰਦਸਤ ਹਮਲੇ ਕੀਤੇ ਸਨ। ਇਹ ਹਮਲੇ ਸਤੰਬਰ 2007 ਦੇ ਆਖਰੀ ਹਫ਼ਤੇ 'ਚ ਕੀਤੇ ਗਏ ਸਨ, ਜਿੱਥੇ ਉਨ੍ਹਾਂ ਸ਼ਰ੍ਹੇਆਮ ਅਖ਼ਬਾਰ ਦੇ ਦਫ਼ਤਰ ਭੰਨੇ ਸਨ ਤੇ ਉੱਥੋਂ ਹਾਜ਼ਰ ਮੁਲਾਜ਼ਮਾਂ ਦੀ ਕੁੱਟਮਾਰ ਪੁਲਿਸ ਦੀ ਹਾਜ਼ਰੀ 'ਚ ਕੀਤੀ ਸੀ। ਇਨ੍ਹਾਂ ਕੇਸਾਂ 'ਚ ਫੜੀਆਂ ਚੇਲੀਆਂ ਦੇ ਕੇਸ ਰਫ਼ਾ-ਦਫ਼ਾ ਕਰਵਾਉਣ ਲਈ ਹੀ ਇਹ ਬੰਦ ਕਮਰਾ ਮੀਟਿੰਗ ਹੋਈ ਦੱਸੀ ਜਾ ਰਹੀ ਹੈ ਤਾਂ ਜੋ ਡੇਰੇ ਦਾ ਸਹਿਯੋਗ ਆਉਂਦੀਆਂ ਲੋਕ ਸਭਾ ਚੋਣਾਂ 'ਚ ਲਿਆ ਜਾ ਸਕੇ। ਉੱਧਰ ਆਸ਼ੂਤੋਸ਼ ਦੇ ਡੇਰੇ ਨਾਲ ਸਬੰਧਿਤ ਯੂਥ ਵਿੰਗ ਦੇ ਪ੍ਰਧਾਨ ਅਮਰ ਸ੍ਰੀਵਾਸਤਵਾ ਨੇ ਮੰਨਿਆ ਕਿ ਸੁਖਬੀਰ ਬਾਦਲ ਦੀ ਆਸ਼ੂਤੋਸ਼ ਨਾਲ ਮੀਟਿੰਗ ਹੋਈ ਹੈ ਪਰ ਇਹ ਸੁਭਾਵਿਕ ਮੀਟਿੰਗ ਸੀ, ਨਾ ਕਿ ਸਿਆਸੀ।
|
|
News Source :Chardhikala News Service
|
|
|
ਕਾਂਗਰਸ-ਭਾਜਪਾ 'ਚ ਹੋਵੇਗੀ ਕਾਂਟੇ ਦੀ ਟੱਕਰ
|
|
|
ਨਵੀਂ ਦਿੱਲੀ 15 ਅਕਤੂਬਰ- ਰਾਜਧਾਨੀ ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦਰਮਿਆਨ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਹੈ ਜਦੋਂਕਿ ਪੂਰਬ-ਉੱਤਰ ਰਾਜ ਮਿਜ਼ੋਰਮ 'ਚ ਮਿਜ਼ੋ ਨੈਸ਼ਨਲ ਫਰੰਟ (ਐਮ.ਐਨ.ਐਫ.), ਕਾਂਗਰਸ ਅਤੇ ਯੂਨਾਈਟਿਡ ਡੈਮੋਕ੍ਰੇਟਿਕ ਗਠਜੋੜ (ਯੂਡੀਏ) ਦਰਮਿਆਨ ਤਿਕੋਨੇ ਮੁਕਾਬਲੇ ਵੇਖਣ ਨੂੰ ਮਿਲਣਗੇ। ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ 'ਸੈਮੀਫਾਈਨਲ' ਮੰਨੀਆਂ ਜਾ ਰਹੀਆਂ ਇਨ੍ਹਾਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਚੋਣ ਕਮਿਸ਼ਨ ਨੇ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਇਨ੍ਹਾਂ ਰਾਜਾਂ 'ਚ ਰਾਜਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੱਧ ਪ੍ਰਦੇਸ਼ 'ਚ ਸੱਤਾਧਾਰੀ ਭਾਜਪਾ, ਮੁੱਖ ਵਿਰੋਧੀ ਪਾਰਟੀ ਕਾਂਗਰਸ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਹੋਰ ਪਾਰਟੀਆਂ ਵਿਧਾਨ ਸਭਾ ਲਈ ਆਪਣੇ ਉਮੀਦਵਾਰਾਂ ਦੀ ਚੋਣ ਦੇ ਆਖ਼ਰੀ ਗੇੜ 'ਚ ਹਨ। ਰਾਜ 'ਚ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਮੌਜ਼ੂਦਾ ਵਿਧਾਨ ਸਭਾ ਦਾ ਕਾਰਜਕਾਲ ਪੰਜ ਦਸੰਬਰ ਨੂੰ ਖਤਮ ਹੋ ਰਿਹਾ ਹੈ। ਭਾਵੇਂ ਰਾਜ 'ਚ ਕਾਂਗਰਸ ਅਤੇ ਸਪਾ ਦਰਮਿਆਨ ਗਠਜੋੜ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਪਰ ਕਿਸੇ ਵੀ ਪਾਰਟੀ ਨੇ ਹੁਣ ਤੱਕ ਸਰਕਾਰੀ ਤੌਰ 'ਤੇ ਇਸ ਦਾ ਐਲਾਨ ਨਹੀਂ ਕੀਤਾ 2003 'ਚ ਦੋ ਤਿਹਾਈ ਬਹੁਮਤ ਲੈ ਕੇ ਸੱਤਾ 'ਚ ਆਈ ਭਾਜਪਾ ਰਾਜ 'ਚ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਪਾਰਟੀ ਨੇ ਸੱਤਾ 'ਤੇ ਕਬਜ਼ਾ ਬਣਾਈ ਰੱਖਣ ਲਈ ਬਕਾਇਦਾ 'ਮਿਸ਼ਨ-2008' ਨਾਂਅ ਦੀ ਇੱਕ ਮੁਹਿੰਮ ਵੀ ਛੇੜ ਰੱਖੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਭਗਵਾ ਪਾਰਟੀ ਨੇ ਤੇਜ਼-ਤਰਾਰ ਨੇਤਾ ਉਮਾ ਭਾਰਤੀ ਦੀ ਅਗਵਾਈ 'ਚ ਬਿਜਲੀ, ਸੜਕ ਅਤੇ ਪਾਣੀ ਨੂੰ ਮੁੱਦਾ ਬਣਾ ਕੇ ਵਿਧਾਨ ਸਭਾ ਦੀਆਂ 230 'ਚੋਂ 173 ਸੀਟਾਂ ਜਿੱਤਦਿਆਂ ਇੱਕ ਦਹਾਕੇ ਤੋਂ ਚਲੇ ਆ ਰਹੇ ਕਾਂਗਰਸ ਦੇ ਰਾਜ ਨੂੰ ਖਤਮ ਕੀਤਾ ਸੀ ਪਰ ਪਾਰਟੀ ਲਈ ਇਸ ਵਾਰ ਸੱਤਾ ਦਾ ਰਸਤਾ ਸੌਖਾ ਨਹੀਂ ਹੈ। ਭਾਜਪਾ ਅਤੇ ਕਾਂਗਰਸ ਦੇ ਰਵਾਇਤੀ ਗੜ੍ਹ ਮੰਨੇ ਜਾਣ ਵਾਲੇ ਮੱਧ ਪ੍ਰਦੇਸ਼ 'ਚ ਬਸਪਾ ਦੀ ਦਸਤਕ ਨੇ ਚੋਣ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ। ਉੱਤਰ ਪ੍ਰਦੇਸ਼ ਨਾਲ ਲੱਗਦੇ ਬਘੇਲਖੰਡ, ਬੁੰਦੇਲਖੰਡ ਅਤੇ ਚੰਬਲ ਇਲਾਕਿਆਂ 'ਚ ਬਸਪਾ ਦੀ ਸਮਾਜਿਕ ਸਮਰਸਤਾ ਦੀ ਨੀਤੀ ਕਾਂਗਰਸ ਅਤੇ ਭਾਜਪਾ ਲਈ ਮੁਸੀਬਤ ਦਾ ਸਬੱਬ ਬਣ ਸਕਦੀ ਹੈ। ਬਸਪਾ ਦਲਿਤਾਂ ਅਤੇ ਅਗੜੀ ਜਾਤਾਂ ਦੇ ਵੋਟਰਾਂ ਨੂੰ ਰਿਝਾ ਕੇ ਮੱਧ ਪ੍ਰਦੇਸ਼ 'ਚ ਆਪਣੀ ਹਾਜ਼ਰੀ ਦਰਜ ਕਰਾਉਣ ਲਈ ਬੇਤਾਬ ਹੈ ਅਤੇ ਇਸ ਦੇ ਲਈ ਇਹ ਪਾਰਟੀਆਂ ਸਰਕਾਰੀ ਗਿਣਤੀ 'ਚ ਇਨ੍ਹਾਂ ਜਾਤਾਂ ਦੇ ਉਮੀਦਵਾਰਾਂ ਨੂੰ ਆਪਣੀ ਟਿਕਟ 'ਤੇ ਚੋਣ ਲੜਨ ਲਈ ਤਿਆਰ ਕਰ ਰਹੀਆਂ ਹਨ। ਖੇਤਰਫ਼ਲ ਦੇ ਨਜ਼ਰੀਏ ਤੋਂ ਦੇਸ਼ ਦੇ ਸਭ ਤੋਂ ਵੱਡੇ ਰਾਜ ਰਾਜਸਥਾਨ 'ਚ ਵੀ ਚੋਣ ਬਿਗਲ ਵੱਜ ਚੁੱਕਾ ਹੈ। ਇੱਥੇ 4 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ 'ਚ ਮੁੱਖ ਮੁਕਾਬਲਾ ਰਾਜ 'ਚ ਸੱਤਾਧਾਰੀ ਭਾਜਪਾ ਅਤੇ ਰਵਾਇਤੀ ਵਿਰੋਧੀ ਕਾਂਗਰਸ ਦਰਮਿਆਨ ਹੈ। ਭਾਵੇਂ ਬਸਪਾ ਅਤੇ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ਵੀ ਕੁਝ ਸੀਟਾਂ 'ਤੇ ਹੱਥ ਸਾਫ਼ ਕਰਨ ਦੀ ਫਿਰਾਕ 'ਚ ਹਨ। ਭਾਜਪਾ ਅਤੇ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਆਖਰੀ ਰੂਪ ਦੇਣ 'ਚ ਲੱਗੀਆਂ ਹਨ ਜਦੋਂ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਵੋਟ ਬੈਂਕ 'ਚ ਪਾੜ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਸਪਾ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। ਪਾਰਟੀ ਰਾਜ ਦੀਆਂ ਸਾਰੀਆਂ 200 ਸੀਟਾਂ 'ਤੇ ਚੋਣਾਂ ਲੜਨੀਆਂ ਚਾਹੁੰਦੀ ਹੈ ਅਤੇ ਉਸ ਨੇ 1500 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
|
|
News Source :Chardhikala News Service
|
|
|
ਭੱਠਲ ਵੱਲੋਂ ਬੀਰਦਵਿੰਦਰ-ਕੇ.ਪੀ ਵਿਚਾਲੇ ਸਮਝੌਤਾ
|
|
|
ਪਟਿਆਲਾ 7 ਅਕਤੂਬਰ- ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਖ਼ਿਲਾਫ਼ ਦਹਾੜਨ ਅਤੇ ਪੰਜਾਬ ਕਾਂਗਰਸ ਨੂੰ ਸ਼ਰੇਆਮ ਚੁਣੌਤੀ ਦੇਣ ਵਾਲੇ ਬੀਰ ਦਵਿੰਦਰ ਦੇ ਤੇਵਰ ਇੱਕ ਦਮ ਬਦਲਣੇ ਸ਼ੁਰੂ ਹੋ ਗਏ ਹਨ ਇਹ ਕਿਸੇ ਡਾਕਟਰ ਦੀ ਦਵਾਈ ਦਾ ਨਹੀਂ ਬਲਕਿ ਵਿਰੋਧੀ ਦੀ ਧਿਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦੀ ਉਸ ਗੋਲੀ ਦਾ ਅਸਰ ਹੈ, ਜਿਹੜੀ ਕਿ ਉਨ੍ਹਾਂ ਬੀਰ ਦਵਿੰਦਰ ਨੂੰ ਬਿਨ੍ਹਾਂ ਬੁਲਾਏ ਚੰਡੀਗੜ੍ਹ ਤੋਂ ਹੀ ਦੇ ਦਿੱਤੀ ਹੈ। ਬੀਰ ਦਵਿੰਦਰ ਦੀ ਕਾਂਗਰਸ ਅਤੇ ਕੈਪਟਨ ਵਿਰੋਧੀ ਬਿਆਨਾਂ ਨੂੰ ਲੈ ਕੇ ਬੀਬੀ ਭੱਠਲ ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਚੋਣਵੇਂ ਵਿਧਾਇਕਾਂ ਦੀ ਮੀਟਿੰਗ ਦੌਰਾਨ ਬੀਰ ਦਵਿੰਦਰ ਦੇ ਬਿਆਨਾਂ 'ਤੇ ਪਾਬੰਦੀ ਲਗਾਉਂਦਿਆਂ ਸੂਬਾ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨਾਲ ਸਮਝੌਤਾ ਵੀ ਕਰਵਾ ਦਿੱਤਾ ਹੈ। ਹਾਲਾਂਕਿ ਇਸ ਸਮਝੌਤੇ ਦੌਰਾਨ ਬੀਰ ਦਵਿੰਦਰ ਮੌਜੂਦ ਨਹੀਂ ਸਨ ਪਰ ਉਹ ਪਟਿਆਲਾ ਵਿੱਚ ਹੀ ਬੈਠ ਕੇ ਪੂਰੇ ਮਾਮਲੇ 'ਤੇ ਟਿਕਟਿਕੀ ਜ਼ਰੂਰ ਲਗਾ ਕੇ ਬੈਠੇ ਸਨ। ਬੀਬੀ ਭੱਠਲ ਵੱਲੋਂ ਬੀਰ ਦਵਿੰਦਰ ਅਤੇ ਮਹਿੰਦਰ ਸਿੰਘ ਕੇ.ਪੀ. ਵਿਚਕਾਰ ਕੀਤੀ ਗਈ ਇਸ ਸਮਝੌਤੇ ਲਈ ਵਿਚੋਲਗੀ ਤੋਂ ਇਹ ਗੱਲ ਸਾਫ਼ ਜਾਹਿਰ ਹੋ ਗਈ ਕਿ ਕੁੱਝ ਹੱਦ ਤੱਕ ਬੀਰ ਦਵਿੰਦਰ ਦੀ ਕਮਾਨ ਬੀਬੀ ਭੱਠਲ ਦੇ ਹੱਥਾਂ ਵਿੱਚ ਹੀ ਹੈ। ਅੱਜ ਦੀ ਇਸ ਕਾਰਵਾਈ ਨੂੰ ਬੀਬੀ ਰਜਿੰਦਰ ਕੌਰ ਭੱਠਲ ਅਤੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਬੀਰ ਦਵਿੰਦਰ ਸਿੰਘ ਵੱਲੋਂ ਕੈ. ਅਮਰਿੰਦਰ ਸਿੰਘ ਖ਼ਿਲਾਫ਼ ਕੀਤੀ ਜਾ ਰਹੀ ਬਿਆਨ ਬਾਜ਼ੀ ਤੋਂ ਤੰਗ ਆਏ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਦੇ ਬੀਤੇ ਦਿਨੀਂ ਬੀਰ ਦਵਿੰਦਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਗੱਲ ਪ੍ਰੈਸ ਨੂੰ ਕਹਿਣ ਤੋਂ ਬਾਅਦ ਤੈਸ਼ ਵਿੱਚ ਆਏ ਬੀਰ ਦਵਿੰਦਰ ਸਿੰਘ ਨੇ ਬੀਤੇ ਦਿਨ ਪਟਿਆਲਾ ਆਪਣੇ ਘਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੈ. ਅਮਰਿੰਦਰ ਸਿੰਘ ਦੇ ਨਾਲ-ਨਾਲ ਸੂਬਾ ਕਾਂਗਰਸ ਨੂੰ ਵੀ ਲਤਾੜ ਪਾਉਂਦਿਆਂ ਸ਼ਰੇਆਮ ਲਲਕਾਰ ਮਾਰ ਦਿੱਤੀ ਅਤੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਤਾਂ ਉਹ ਉਨ੍ਹਾਂ ਦਾ ਆਖਰੀ ਕਾਰਨ ਦੱਸੋ ਨੋਟਿਸ ਕਿਤਾਬ ਦੇ ਰੂਪ ਵਿੱਚ ਹੋਵੇਗਾ ਅਤੇ ਉਹ ਉਸ ਨੋਟਿਸ ਵਿੱਚ ਕਾਂਗਰਸ ਦੇ ਭ੍ਰਿਸ਼ਟ ਲੀਡਰਾਂ ਦੀ ਪੂਰੀ ਤਰ੍ਹਾਂ ਪੋਲ ਖੋਲਕੇ ਰੱਖ ਦੇਣਗੇ। ਇਨ੍ਹਾਂ ਬਿਆਨਾਂ ਦੇ ਮੀਡੀਆ ਵਿੱਚ ਆਉਂਦਿਆਂ ਹੀ ਬੀਰ ਦਵਿੰਦਰ ਦੀ ਕਮਾਨ ਚਲਾਉਣ ਵਾਲੀ ਬੀਬੀ ਭੱਠਲ ਨੇ ਬਿਨ੍ਹਾਂ ਕਿਸੇ ਦੇਰ ਕੀਤੇ ਆਪਣੀ ਚੰਡੀਗੜ੍ਹ ਕੋਠੀ ਵਿਖੇ ਚੋਣਵੇਂ ਵਿਧਾਇਕਾਂ ਅਤੇ ਅਹਿਮ ਆਗੂਆਂ ਨੂੰ ਇੱਕ ਅਹਿਮ ਮੀਟਿੰਗ ਦੌਰਾਨ ਆਉਣ ਦਾ ਸੱਦਾ ਦੇ ਦਿੱਤਾ। ਸੂਤਰਾਂ ਅਨੁਸਾਰ ਇਸ ਮੀਟਿੰਗ ਦਾ ਅਹਿਮ ਏਜੰਡਾ ਬੀਰ ਦਵਿੰਦਰ ਸਿੰਘ ਦੀ ਬਿਆਨ ਬਾਜ਼ੀ ਹੀ ਰਿਹਾ। ਇਸ ਮੀਟਿੰਗ ਤੋਂ ਬਾਅਦ ਬੀਬੀ ਭੱਠਲ ਨੇ ਵਿਚੋਲਗੀ ਨਿਭਾਉਂਦਿਆਂ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੂੰ ਬੀਰ ਦਵਿੰਦਰ ਵੱਲੋਂ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਬਿਆਨ ਬਾਜ਼ੀ ਨਾਂ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਉਸ ਨੂੰ ਕਾਰਨ ਦੱਸੋ ਨੋਟਿਸ ਨਾਂ ਜਾਰੀ ਕਰਨ ਦੀ ਬੇਨਤੀ ਵੀ ਕੀਤੀ, ਜਿਸ 'ਤੇ ਕਿ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੇ ਵੀ ਫੁੱਲ ਚੜ੍ਹਾ ਦਿੱਤੇ ਅਤੇ ਇਸ ਪੂਰੇ ਵਿਵਾਦ ਦੀ ਵਿਚੋਲਗੀ ਨਿਭਾ ਰਹੀ ਬੀਬੀ ਭੱਠਲ ਨੇ ਬੀਰ ਦਵਿੰਦਰ ਸਿੰਘ ਨੂੰ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਅੱਗੇ ਤੋਂ ਨਾਂ ਕਰਨ ਲਈ ਬਾਜ ਆਉਣ ਦੇ ਆਦੇਸ਼ ਦਿੱਤੇ। ਇਸ ਬਾਰੇ ਜਦੋਂ ਬੀਰ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਉਹ ਕੁੱਝ ਨਹੀਂ ਕਹਿਣਾ ਚਾਹੁੰਦੇ ਹਨ ਅਤੇ ਨਾਂ ਹੀ ਉਹ ਕੋਈ ਬਿਆਨ ਦੇਣਗੇ। ਮਾਮਲਾ ਅੰਦਰੂਨੀ, ਸਮਝੌਤਾ ਹੋ ਗਿਆ-ਕੇ.ਪੀ ਸੂਬਾ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੇ ਪੁੱਛੇ ਜਾਣ ਤੇ ਇਸ ਬਾਰੇ ਕਿਹਾ ਕਿ ਇਹ ਉਨ੍ਹਾਂ ਦੀ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਇਸ ਲਈ ਇਸ ਮਾਮਲੇ ਬਾਰੇ ਉਹ ਕੋਈ ਬਿਆਨ ਨਹੀਂ ਦੇਣਗੇ ਪਰ ਫਿਲਹਾਲ ਮਾਮਲਾ ਇੱਕ ਮੀਟਿੰਗ ਦੌਰਾਨ ਨਿਬੜ ਚੁੱਕਿਆ ਹੈ।
|
|
News Source :Chardhikala News Service
|
|
|
ਬਾਦਲ-ਕੈਪਟਨ ਜੰਗ ਦਾ ਨਿਬੇਡ਼ਾ ਪਟਿਆਲੇ ਤੋਂ
|
|
|
ਚੰਡੀਗੜ੍ਹ 30 ਸਤੰਬਰ- ਆਲ ਇੰਡੀਆ ਕਾਂਗਰਸ ਪਾਰਟੀ ਵਲੋਂ ਪੰਜਾਬ 'ਚ ਸਿਆਸੀ ਸਰਗਰਮੀਆਂ ਦੇ ਮੱਦੇਨਜ਼ਰ ਨਿਯੁਕਤ ਕੀਤੇ ਗਏ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੰਡਨੋਂ ਪਰਤ ਕੇ ਦਿੱਲੀ 'ਚ ਰੁਕੇ ਹੋਏ ਹਨ, ਜਿਥੇ ਉਹ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਸਣੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲ ਕੇ ਪੰਜਾਬ 'ਚ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਸਬੰਧੀ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹਨ। ਸੂਤਰਾਂ ਤੋਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਅਪਣੇ ਰਵਾਇਤੀ ਸਿਆਸੀ ਵਿਰੋਧੀ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਵਿਜੀਲੈਂਸ ਰਾਹੀਂ ਵਿਛਾਏ ਗਏ ਜਾਲ ਨੂੰ ਕਾਂਗਰਸ ਪਾਰਟੀ 'ਚ ਇਕ ਵੱਡੀ ਜਨਤਕ ਲਹਿਰ ਪੈਦਾ ਕਰ ਕੇ ਤੋੜਨ ਦਾ ਇਰਾਦਾ ਰਖਦੇ ਹਨ। ਕੈਪਟਨ ਦੇ ਕਾਫ਼ੀ ਨੇੜਲੇ ਸਮਝੇ ਜਾਂਦੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਪੱਤਰਕਾਰਾਂ ਨੂੰ ਜਿਹੜੀ ਜਾਣਕਾਰੀ ਦਿਤੀ ਗਈ ਹੈ, ਉਸ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੋ ਦਿਨ ਲਈ ਰੁਕਣਗੇ ਤੇ ਪਹਿਲੀ ਅਕਤੂਬਰ ਤੋਂ ਉਹ ਚੋਣ ਪ੍ਰੋਗਰਾਮ ਸ਼ੁਰੂ ਕਰਨਗੇ। ਇਸ ਪ੍ਰੋਗਰਾਮ ਅਧੀਨ ਪਹਿਲੇ ਪੜਾਅ 'ਤੇ ਜਨਤਕ ਮੀਟਿੰਗਾਂ ਦੀ ਪ੍ਰਕ੍ਰਿਆ ਅਰੰਭ ਕੀਤੀ ਜਾਵੇਗੀ ਪਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਨੇ ਪਾਰਟੀ ਪ੍ਰੋਗਰਾਮਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਦੇਣ ਤੋਂ ਟਾਲਾ ਵਟਿਆ ਹੋਇਆ ਹੈ। ਜੇ ਹਾਈ ਕਮਾਂਡ ਨੇ ਹਰੀ ਝੰਡੀ ਦਿਤੀ ਤਾਂ ਕੈਪਟਨ ਅਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਕੇ ਇਸ ਕੇਸ ਨੂੰ ਅਦਾਲਤ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਵੀ ਖ਼ੁਦ ਹੀ ਪੇਸ਼ ਕਰਨ ਦੀ ਮੁਹਿੰਮ ਚਲਾ ਕੇ ਬਾਦਲ 'ਤੇ ਮੋੜਵਾਂ ਸਿਆਸੀ ਵਾਰ ਕਰਨਗੇ। ਕੈਪਟਨ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਬਾਦਲ ਨੇ ਗ਼ਲਤ ਤਰੀਕਾ ਅਪਣਾ ਕੇ ਉਨ੍ਹਾਂ ਨੂੰ ਵਿਧਾਨ ਸਭਾ 'ਚੋਂ ਬਾਹਰ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ ਪਰ ਕੈਪਟਨ ਮੁੜ ਪੰਜਾਬ ਦੀ ਸਿਆਸਤ ਦਾ ਕੇਂਦਰ ਬਣ ਗਏ ਹਨ। ਜੇ ਲੋੜ ਪਈ ਤਾਂ ਕੈਪਟਨ ਮੁੜ ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ 'ਤੇ ਖ਼ੁਦ ਹੀ ਚੋਣ ਲੜ ਕੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਹੋਰ ਸਰਗਰਮ ਕਰੇਗਾ। ਸਿਆਸੀ ਖੇਤਰ 'ਚ ਵਿਚਰਨ ਵਾਲੇ ਕੁੱਝ ਵਿਦਵਾਨਾਂ ਨੇ ਕੈਪਟਨ ਅਤੇ ਬਾਦਲ ਦੀ ਸਿਆਸੀ ਜੰਗ 'ਤੇ ਅਪਣੀ ਰਾਏ ਜ਼ਾਹਰ ਕਰਦਿਆਂ ਕਿਹਾ ਕਿ ਬਾਦਲ ਨੇ ਸਮੁੱਚੀ ਸਿਆਸੀ ਤਾਕਤ ਅਤੇ ਸਰਕਾਰੀ ਮਸ਼ੀਨਰੀ ਕੈਪਟਨ ਮੁੱਦੇ 'ਤੇ ਕੇਂਦਰਿਤ ਕੀਤੀ ਹੋਈ ਹੈ। ਬਾਦਲ ਵਲੋਂ ਕੈਪਟਨ ਨੂੰ ਅਸਿੱਧੇ ਤਰੀਕੇ ਨਾਲ ਵਿਧਾਨ ਸਭਾ 'ਚੋਂ ਬਾਹਰ ਕੱਢਣ ਮਗਰੋਂ ਅਗਲਾ ਕਦਮ ਲੋਕ ਸਿਆਸਤ ਵਿਚੋਂ ਵੀ ਬਾਹਰ ਕਰਨ ਲਈ ਸਿਆਸੀ ਯੋਜਨਾ ਉਲੀਕੀ ਗਈ ਹੈ। ਇਸ ਯੋਜਨਾ ਵਿਚ ਉਹ ਸਾਰੇ ਢੰਗ-ਤਰੀਕੇ ਅਮਲ 'ਚ ਲਿਆਂਦੇ ਜਾਣਗੇ, ਜੋ ਸਿਆਸੀ ਤਾਕਤ ਹਾਸਲ ਕਰਨ ਲਈ ਇਕ ਖ਼ਾਨਦਾਨੀ ਰਾਜਾ ਵਰਤਦਾ ਹੁੰਦਾ ਹੈ। ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਬਾਦਲ ਨੇ ਅਪਣੇ ਸਿਆਸੀ ਜੀਵਨ ਨੂੰ ਪਟਿਆਲਾ ਵਿਧਾਨ ਸਭਾ ਹਲਕੇ 'ਤੇ ਕੇਂਦਰਿਤ ਕਰ ਲੈਣਾ ਕੈਪਟਨ ਨਾਲ ਆਰ-ਪਾਰ ਦੀ ਜੰਗ ਦੇ ਸੰਕੇਤ ਹਨ। ਅਜਿਹੇ ਮਜ਼ਬੂਤ ਇਰਾਦੇ ਨਾਲ ਪਟਿਆਲੇ 'ਚ ਡੇਰੇ ਲਗਾਈ ਬੈਠੇ ਬਾਦਲ ਨੂੰ ਟੱਕਰ ਦੇਣ ਲਈ ਕਾਂਗਰਸ ਪਾਰਟੀ ਅਤੇ ਜਨਤਕ ਹਮਾਇਤ ਹਾਸਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਹੇਠਲੇ ਪੱਧਰ ਤਕ ਜਾਣਾ ਪਵੇਗਾ, ਜਿਥੇ ਅੱਜੇ ਤਕ ਕੈਪਟਨ ਕਦੇ ਨਹੀਂ ਸੀ ਗਏ।
|
|
News Source :Reporter
|
|
|
ਭਾਜਪਾ-ਇਨੈਲੋ ਵਿਚਾਲੇ ਗੱਠਜੋੜ ਦੇ ਆਸਾਰ !
|
|
|
ਨਵੀਂ ਦਿੱਲੀ 30 ਸਤੰਬਰ- ਲੋਕ ਸਭਾ ਅਤੇ ਉਸ ਤੋਂ ਬਾਅਦ ਹੋਣ ਵਾਲੀਆ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਗੱਠਜੋੜ ਲਈ ਭਾਜਪਾ ਅਤੇ ਇਨੈਲੋ ਵਿਚ ਕਈ ਵਾਰ ਗੱਲਬਾਤ ਹੋ ਚੁਕੀ ਹੈ। ਲੋਕ ਸਭਾ ਦੀ ਚੋਣ 2009 ਅਤੇ ਉਸ ਦੇ ਅਗਲੇ ਸਾਲ ਹਰਿਆਣਾ ਵਿਧਾਨ ਸਭਾ ਦੀ ਚੋਣ ਹੋਣ ਵਾਲੀ ਹੈ। ਭਾਜਪਾ ਪਾਰਟੀ ਦਾ ਹਰਿਆਣਾ ਦੇ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿਚ ਚੰਗਾ ਪ੍ਰਭਾਵ ਹੈ ਪਰ ਹਾਲੇ ਤਕ ਇਸ ਰਾਜ ਵਿਚ ਉਸ ਦੇ ਪੈਰ ਨਹੀਂ ਜੰਮ ਸਕੇ ਹਨ। ਲੋਕ ਸਭਾ ਚੋਣਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਭਾਜਪਾ ਜਾਂ ਸਹਿਯੋਗੀ ਦਲਾਂ ਦੇ ਜਿੱਤਣ ਦੀ ਰਣਨੀਤੀ ਚਲ ਰਹੀ ਹੈ। ਭਾਜਪਾ ਹਰਿਆਣਾ ਵਿਚ ਹਰ ਹਾਲ ਵਿਚ ਅਪਣੀ ਸਥਿਤੀ ਸੁਧਾਰਨਾ ਚਾਹੁੰਦੀ ਹੈ। ਉਂਝ 1999 ਦੀਆਂ ਆਮ ਚੋਣਾਂ ਵਿਚ ਵੀ ਭਾਜਪਾ ਅਤੇ ਇਨੈਲੋ ਪਾਰਟੀਆਂ ਮਿਲ ਕੇ ਭਾਰੀ ਸਫ਼ਲਤਾ ਹਾਸਲ ਕਰ ਚੁਕੇ ਹਨ। ਉਸ ਸਮੇਂ ਦੋਨਾਂ ਨੇ ਪੰਜ-ਪੰਜ ਸੀਟਾਂ ਜਿੱਤ ਕੇ ਰਾਜ ਦੀਆਂ ਸਾਰੀਆਂ ਸੀਟਾਂ ਨੂੰ ਅਪਣੀ ਝੋਲੀ ਵਿਚ ਪਾਇਆ ਸੀ। ਇਸ ਤੋਂ ਬਾਅਦ 2004 ਦੇ ਚੋਣਾਂ ਵਿਚ ਚੌਟਾਲਾ ਦੀ ਪਾਰਟੀ ਅਪਣੇ ਜ਼ੋਰ 'ਤੇ ਚੋਣ ਲੜੀ । ਸੀਟਾਂ ਤੋਂ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਚੌਟਾਲਾ ਹੁਣ ਅਪਣੀ ਉਸ ਗ਼ਲਤੀ ਨੂੰ ਦੁਹਰਾਣਾ ਨਹੀਂ ਚਾਹੁੰਦੇ ਹਨ।
|
|
News Source :Chardhikala News Service
|
|
|
ਨੂੰਹ ਸੰਭਾਲੇਗੀ ਦਿੱਲੀ 'ਚ ਬਾਦਲ ਪ੍ਰੀਵਾਰ ਦੀ ਕਮਾਨ?
|
|
|
ਚੰਡੀਗਡ਼੍ਹ 19 ਸਤੰਬਰ- ਇਸ ਵਾਰ ਲੋਕ ਸਭਾ ਚੋਣਾਂ 'ਚ ਬਾਦਲ ਪਰਿਵਾਰ ਦੀ ਨੁਮਾਇੰਦਗੀ ਹਰਸਿਮਰਤ ਕੌਰ ਬਾਦਲ (ਨੂੰਹ) ਕਰੇਗੀ ? ਬਾਦਲ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਦੀ ਮੰਨੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਘਰਵਾਲੀ ਹਰਸਿਮਰਤ ਕੌਰ ਬਾਦਲ ਦਾ ਇਸ ਵਾਰ ਲੋਕ ਸਭਾ ਚੋਣਾਂ 'ਚ ਉਤਰਨਾ ਸੰਭਵ ਹੈ। ਸੂਤਰਾਂ ਅਨੁਸਾਰ ਇਸ ਵਾਰ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ 'ਚ ਖੁਦ ਖੜ੍ਹੇ ਨਹੀਂ ਹੋਣਾ ਚਾਹੁੰਦੇ। ਉਨ੍ਹਾਂ ਦੀ ਥਾਂ ਪਰਿਵਾਰ ਦੀ ਨੁਮਾਇੰਦਗੀ ਲਈ ਹਰਸਿਮਰਤ ਕੌਰ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਣਾਇਆ ਜਾ ਸਕਦਾ ਹੈ। ਹਰਸਿਮਰਤ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਚਾਨਕ ਸਮਾਜਿਕ ਗਤੀਵਿਧੀਆਂ ਵਾਲੇ ਸਮਾਗਮਾਂ 'ਚ ਦਿਖਾਈ ਜਾ ਰਹੀ ਦਿਲਚਸਪੀ ਕਰਕੇ ਵੀ ਉਨ੍ਹਾਂ ਦੇ ਸਰਗਰਮ ਸਿਆਸਤ 'ਚ ਆਉਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਹਾਲਾਂਕਿ ਉਨ੍ਹਾਂ ਨੇ ਸਿਆਸਤ 'ਚ ਆਉਣ ਤੋਂ ਇਨਕਾਰ ਕਰਦਿਆਂ ਬਿਨਾਂ ਅਹੁਦੇ ਤੋਂ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਬਾਦਲ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਹੁਣ ਪੰਜਾਬ ਦੀ ਸਿਆਸਤ 'ਚ ਬਣੇ ਰਹਿਣਾ ਚਾਹੁੰਦੇ ਹਨ। ਉਹ ਇਸ ਵਾਰ ਲੋਕ ਸਭਾ ਚੋਣਾਂ 'ਚ ਖੁਦ ਖੜ੍ਹੇ ਨਹੀਂ ਹੋਣਾ ਚਾਹੁੰਦੇ, ਕਿਉਂਕਿ ਇੱਕ ਤਾਂ ਉਹ ਪੰਜਾਬ ਦੀ ਸਿਆਸਤ 'ਚ ਦਿਨੋ-ਦਿਨ ਉਭਰ ਰਹੇ ਹਨ, ਦੂਜਾ ਪਾਰਟੀ ਪ੍ਰਧਾਨ ਬਣਨ ਉਪਰੰਤ ਉਨ੍ਹਾਂ ਦੀ ਅਗਵਾਈ 'ਚ ਪਾਰਟੀ ਵੱਲੋਂ ਲੜੀਆਂ ਜਾ ਰਹੀਆਂ ਇਹ ਪਹਿਲੀਆਂ ਲੋਕ ਸਭਾ ਚੋਣਾਂ ਹਨ। ਇਸ ਕਰਕੇ ਉਹ ਖੁਦ ਉਮੀਦਵਾਰ ਨਾ ਬਣ ਕੇ ਸੂਬੇ ਭਰ 'ਚ ਆਪਣੀ ਪਾਰਟੀ ਦੀ ਮਜ਼ਬੂਤ ਸਥਿਤੀ ਲਈ ਕੰਮ ਕਰਨਾ ਚਾਹੁੰਦੇ ਹਨ। ਬਾਦਲ ਪਰਿਵਾਰ ਇਹ ਵੀ ਚਾਹੁੰਦਾ ਹੈ ਕਿ ਸੁਖਬੀਰ ਦੀ ਥਾਂ ਪਰਿਵਾਰ 'ਚੋਂ ਇੱਕ ਮੈਂਬਰ ਜ਼ਰੂਰ ਲੋਕ ਸਭਾ ਚੋਣਾਂ 'ਚ ਉਤਾਰਿਆ ਜਾਵੇ। ਇਸ ਨਾਲ ਇੱਕ ਤਾਂ ਸੁਖਬੀਰ ਨੂੰ ਨਵੀਂ ਦਿੱਲੀ ਵਿਖੇ ਮਿਲੀ ਸਰਕਾਰੀ ਕੋਠੀ ਪਰਿਵਾਰ ਕੋਲ ਰਹੇਗੀ, ਦੂਜਾ ਪਰਿਵਾਰ ਕੇਂਦਰ ਦੀ ਸਿਆਸਤ ਨਾਲ ਵੀ ਜੁੜਿਆ ਰਹੇਗਾ। ਸੂਤਰਾਂ ਅਨੁਸਾਰ ਇਸ ਲਈ ਬਾਦਲ ਪਰਿਵਾਰ ਦੇ ਸਿਰਫ਼ ਦੋ ਹੀ ਮੈਂਬਰਾਂ (ਬੀਬੀਆਂ) ਦੇ ਨਾਂਅ ਸਾਹਮਣੇ ਆ ਰਹੇ ਹਨ, ਇੱਕ ਬੀਬੀ ਸੁਰਿੰਦਰ ਕੌਰ ਬਾਦਲ ਤੇ ਦੂਜੀ ਬੀਬੀ ਹਰਸਿਮਰਤ ਕੌਰ ਬਾਦਲ। ਪਤਾ ਲੱਗਾ ਹੈ ਕਿ ਬੀਬੀ ਸੁਰਿੰਦਰ ਕੌਰ ਬਾਦਲ ਆਪਣੀ ਉਮਰ ਤੇ ਸਿਹਤ ਦੇ ਲਿਹਾਜ਼ ਨਾਲ ਸਰਗਰਮ ਸਿਆਸਤ 'ਚ ਕੁੱਦਣ ਲਈ ਰਾਜ਼ੀ ਨਹੀਂ ਹੋ ਰਹੇ। ਅਜਿਹੀ ਸਥਿਤੀ 'ਚ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਦੇ ਨਾਂਅ 'ਤੇ ਸਹਿਮਤੀ ਬਣਨ ਲੱਗੀ ਹੈ, ਕਿਉਂਕਿ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਉਮਰ ਦੇ ਲਿਹਾਜ਼ ਨਾਲ ਆਪਣੇ ਪੁੱਤਰ ਤੇ ਉਸ ਦੇ ਪਰਿਵਾਰ ਨੂੰ ਸਿਆਸੀ ਵਾਰਸ ਵਜੋਂ ਮੁਕੰਮਲ ਵਾਗਡੋਰ ਸੌਂਪਣ ਲਈ ਕਾਹਲੇ ਹਨ। ਸੂਤਰਾਂ ਅਨੁਸਾਰ ਹਰਸਿਮਰਤ ਨੂੰ ਸਿਆਸਤ 'ਚ ਲਿਆਉਣ ਸਬੰਧੀ ਪਰਿਵਾਰ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਵਿਚਾਰ ਚਲਦੀ ਆ ਰਹੀ ਹੈ ਪਰ ਹੁਣ ਬਦਲੇ ਹਾਲਾਤ ਅਤੇ ਸਮੇਂ ਦੀ ਨਜ਼ਾਕਤ ਅਨੁਸਾਰ ਹਰਸਿਮਰਤ ਕੌਰ ਨੂੰ ਸਿਆਸਤ 'ਚ ਲਿਆਉਣ ਲਈ ਪਰਿਵਾਰ ਅੰਦਰ ਸਹਿਮਤੀ ਬਣ ਗਈ ਹੈ। ਇਸੇ ਤਹਿਤ ਹੀ ਬੀਬੀ ਹਰਸਿਮਰਤ ਨੂੰ ਸਮਾਜਿਕ ਦਿੱਖ ਵਾਲੀ ਮੁਹਿੰਮ 'ਨੰਨ੍ਹੀ ਛਾਂ' ਦੀ ਸ਼ੁਰੂਆਤ ਕਰਨ ਦੇ ਸਬੱਬ ਨਾਲ ਪਿਛਲੇ ਮਹੀਨੇ ਸਟੇਜ 'ਤੇ ਪਹਿਲੀ ਵਾਰ ਲਿਆਂਦਾ ਗਿਆ ਸੀ। ਉਸ ਤੋਂ ਬਾਅਦ ਹਰਸਿਮਰਤ ਦੀ ਸਮਾਜਿਕ ਸਮਾਗਮਾਂ 'ਚ ਦਿਲਚਸਪੀ ਕਾਫ਼ੀ ਵਧ ਗਈ ਹੈ। ਉਨ੍ਹਾਂ ਇਸ ਮਹੀਨੇ ਦੇ ਪਹਿਲੇ ਅੱਧ ਦੌਰਾਨ ਹੀ ਪਹਿਲਾਂ ਮੋਹਾਲੀ ਅਤੇ ਫ਼ਿਰ ਲੁਧਿਆਣਾ ਵਿਖੇ ਭਰੂਣ ਹੱਤਿਆ ਦੀ ਬੁਰਾਈ ਨਾਲ ਸਬੰਧਤ ਸਮਾਗਮਾਂ 'ਚ ਸ਼ਮੂਲੀਅਤ ਕਰਕੇ ਮੀਡੀਆ ਦੇ ਸਨਮੁੱਖ ਆਉਣ ਦਾ ਵੀ ਅਭਿਆਸ ਕੀਤਾ ਹੈ। ਹਰਸਿਮਰਤ ਕੌਰ ਲਈ ਠੇਠ ਪੰਜਾਬੀ 'ਚ ਭਾਸ਼ਨ ਦੇਣਾ ਔਖਾ ਕੰਮ ਹੈ। ਉਨ੍ਹਾਂ ਦੀ ਪੰਜਾਬੀ ਉਚਾਰਨ ਅਤੇ ਭਾਸ਼ਣ 'ਤੇ ਪਕੜ ਬਣਾਉਣ ਲਈ ਸਮਾਜਿਕ ਸਮਾਗਮਾਂ ਰਾਹੀਂ ਅਭਿਆਸ ਕਰਵਾਇਆ ਜਾ ਰਿਹਾ ਹੈ। ਹਰਸਿਮਰਤ ਦੇ ਸਿਆਸੀ ਮੰਚ 'ਤੇ ਗੈਰ-ਰਸਮੀ ਪ੍ਰਵੇਸ਼ ਨੂੰ ਪਾਰਟੀ ਪੱਧਰ 'ਤੇ ਮਿਲੇ ਭਾਰੀ ਹੁੰਗਾਰੇ ਨਾਲ ਵੀ ਉਸ ਦਾ ਸਰਗਰਮ ਸਿਆਸਤ 'ਚ ਆਉਣ ਦਾ ਹੌਸਲਾ ਵਧ ਰਿਹਾ ਹੈ।
|
|
News Source :Chardhikala News Service
|
|
|