|
|
|
ਚੜ੍ਹਦੀਕਲਾ ਡਾਟ ਕਾਮ ਵਲੋਂ ਅੱਜ ਦੀਆਂ ਤਾਜ਼ਾ ਖ਼ਬਰਾਂ
|
|
|
| ਫਾਜ਼ਿਲਕਾ 'ਚ ਕਈ ਹੋਰ ਖੇਤਰ ਹੜ੍ਹ ਦੀ ਮਾਰ ਹੇਠ
|
| ਭਾਰਤ ਵੱਲੋਂ ਚੀਨ ਦੇ ਫ਼ੌਜੀ ਵਫ਼ਦ ਦੀ ਫੇਰੀ ਰੱਦ
|
| ਪ੍ਰਧਾਨ ਮੰਤਰੀ ਬਣਨ ਦੀ ਰੁਚੀ ਨਹੀਂ-ਰਾਹੁਲ ਗਾਂਧੀ
|
| ਸਰਹੱਦੀ ਖੇਤਰ 'ਚ ਬਾਦਲ ਨੇ ਲਾਈ ਗ੍ਰਾਂਟਾਂ ਦੀ ਝੜੀ
|
| ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ 17 ਸਤੰਬਰ ਨੂੰ
|
|
|
|
| |
ਫਾਜ਼ਿਲਕਾ 'ਚ ਕਈ ਹੋਰ ਖੇਤਰ ਹੜ੍ਹ ਦੀ ਮਾਰ ਹੇਠ | |
ਫਾਜ਼ਿਲਕਾ 28 ਅਗਸਤ- ਹਿੰਦ-ਪਾਕਿਸਤਾਨ ਸਰਹੱਦ 'ਤੇ ਫਾਜ਼ਿਲਕਾ ਸੈਕਟਰ ਵਿਚ ਵਹਿੰਦੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਹੋਰ ਵਧ ਜਾਣ ਨਾਲ ਸਥਿਤੀ ਗੰਭੀਰ ਹੋ ਗਈ ਹੈ। ਪਿੰਡ ਮੁਹਾਰ ਜਮਸ਼ੇਰ ਨੂੰ ਜਾਂਦੀ ਲਿੰਕ ਰੋਡ 'ਤੇ ਵੀ ਪਾਣੀ ਚੜ੍ਹ ਗਿਆ ਹੈ। ਸਤਲੁਜ ਦਰਿਆ ਦੇ ਪਾਣੀ ਨੇ ਕਈ ਨਵੇਂ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਜੱਦੋ-ਜਹਿਦ ਜਾਰੀ ਹੈ। ਪਿੰਡ ਵਾਸੀਆਂ ਜੀਤ ਸਿੰਘ, ਦਲੀਪ ਸਿੰਘ, ਗੁਰਦੀਪ ਸਿੰਘ, ਜਗੀਰ ਸਿੰਘ, ਬਚਨ ਸਿੰਘ, ਸ਼ੇਰ ਸਿੰਘ, ਬਿਸ਼ੇਸ਼ਰ ਸਿੰਘ, ਮੰਗਲ ਸਿੰਘ, ਕਸ਼ਮੀਰ ਸਿੰਘ, ਗੁਲਾਬ ਸਿੰਘ, ਬੱਘਾ ਸਿੰਘ, ਸੁਰਜੀਤ ਸਿੰਘ, ਸ਼ੀਨਾ ਸਿੰਘ ਸਾਬਕਾ ਪੰਚ ਆਦਿ ਨੇ ਦੱਸਿਆ ਕਿ ਪਿੰਡ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਦੇ ਨਾਲ ਉਤਲੇ ਪਾਸੇ ਸੁੱਕੀਆਂ ਫ਼ਸਲਾਂ ਵਿਚ ਪਾਣੀ ਵੜਨ ਨਾਲ ਪਿੰਡ ਦੀ ਕਰੀਬ 670 ਏਕੜ ਫ਼ਸਲ ਵਿਚ ਪਾਣੀ ਡੁੱਬਣ ਦੀ ਸੰਭਾਵਨਾ ਹੈ। ਭਾਖੜਾ ਡੈਮ ਦੇ ਫਲੱਡ ਗੇਟ ਬੰਦ ਕੀਤੇ- ਭਾਖੜਾ ਡੈਮ 'ਚ ਪਾਣੀ ਦੀ ਆਮਦ ਘਟਣ ਕਾਰਨ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਅੱਜ 2.20 ਵਜੇ ਸੰਕਟਕਾਲੀਨ ਗੇਟ ਬੰਦ ਕਰ ਦਿੱਤੇ। ਮਿਤੀ 20 ਅਗਸਤ ਨੂੰ ਸਪੈਸ਼ਲ ਟੈਕਨੀਕਲ ਕਮੇਟੀ ਦੇ ਹੁਕਮ ਅਨੁਸਾਰ ਸਵੇਰੇ 8 ਵਜੇ ਭਾਖੜਾ ਡੈਮ ਦੇ ਸੰਕਟਕਾਲੀਨ ਗੇਟ ਖੋਲ੍ਹੇ ਗਏ ਸਨ। ਪਾਣੀ ਦੀ ਆਮਦ ਵਧਣ ਅਤੇ ਪਾਣੀ ਦਾ ਪੱਧਰ 1680 ਫੁੱਟ ਹੋਣ ਤੋਂ ਬਾਅਦ ਗੇਟ ਮੁੜ ਖੋਲ੍ਹੇ ਜਾ ਸਕਦੇ ਹਨ। ਪਾਣੀ ਦਾ ਪੱਧਰ 1674.80 ਫੁੱਟ-ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵੱਧ ਕੇ 1674.80 ਫੁੱਟ ਤੱਕ ਜਾ ਪਹੁੰਚਿਆ ਹੈ।
|
|
News Source :Staffer
|
|
|
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ 17 ਸਤੰਬਰ ਨੂੰ | |
ਖੰਨਾ 28 ਅਗਸਤ- ਆਲ ਇੰਡੀਆ ਕਾਂਗਰਸ ਕਮੇਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਤੇ ਲੋਕ ਸਭਾ ਮੈਂਬਰ ਸ੍ਰੀ ਆਸਕਰ ਫਰਨਾਂਡਿਜ਼ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ, ਪੰਜਾਬ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ, ਏ. ਆਈ. ਸੀ. ਸੀ. ਦੇ ਮੈਂਬਰਾਂ ਤੇ ਪੀ. ਸੀ. ਸੀ. (ਪੰਜਾਬ ਕਾਂਗਰਸ ਕਮੇਟੀ) ਦੇ ਮੈਂਬਰਾਂ ਦੀ ਚੋਣ ਲਈ 17 ਸਤੰਬਰ ਨੂੰ ਨਿਸ਼ਚਿਤ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੀਨੀਅਰ ਕਾਂਗਰਸੀ ਨੇਤਾ ਸ: ਜਗਜੀਤ ਸਿੰਘ ਬਰਾੜ, ਸ: ਪ੍ਰਤਾਪ ਸਿੰਘ ਬਾਜਵਾ ਲੋਕ ਸਭਾ ਮੈਂਬਰ ਤੇ ਮੌਜੂਦਾ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ. ਪੀ. ਪ੍ਰਮੁੱਖ ਉਮੀਦਵਾਰ ਹੋ ਸਕਦੇ ਹਨ ਜਦੋਂ ਕਿ ਉਨ੍ਹਾਂ ਤੋਂ ਇਲਾਵਾ ਸ੍ਰੀ ਬ੍ਰਹਮ ਮਹਿੰਦਰਾ, ਸ: ਸ਼ਮਸ਼ੇਰ ਸਿੰਘ ਦੂਲੋ, ਸ: ਹਰਵਿੰਦਰ ਸਿੰਘ ਹੰਸਪਾਲ ਆਦਿ ਵੀ ਕਾਂਗਰਸ ਹਾਈ ਕਮਾਨ ਵੱਲੋਂ ਇਸ਼ਾਰਾ ਮਿਲਣ 'ਤੇ ਉਮੀਦਵਾਰ ਬਣ ਸਕਦੇ ਹਨ। ਹਾਲਾਂਕਿ ਕਾਂਗਰਸ ਵਿਧਾਇਕ ਦਲ ਦੀ ਨੇਤਾ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਉਮੀਦਵਾਰ ਨਹੀਂ ਹਨ ਪਰ ਭਰੋਸੇਯੋਗ ਵਸੀਲਿਆਂ ਅਨੁਸਾਰ ਉਨ੍ਹਾਂ ਨੇ ਵੀ ਕਾਂਗਰਸ ਹਾਈ ਕਮਾਨ ਨੂੰ ਕਿਹਾ ਹੈ ਕਿ ਜੇ ਕਾਂਗਰਸ ਹਾਈ ਕਮਾਨ ਉਨ੍ਹਾਂ ਨੂੰ ਚਾਹੇਗੀ ਤਾਂ ਉਹ ਇਨਕਾਰ ਨਹੀਂ ਕਰਨਗੇ। ਗੌਰਤਲਬ ਹੈ ਕਿ ਜ਼ਿਆਦਾ ਆਸਾਰ ਤਾਂ ਇਸ ਗੱਲ ਦੇ ਹਨ ਕਿ 17 ਸਤੰਬਰ ਨੂੰ ਬਾਕੀ ਅਹੁਦਿਆਂ ਦੀ ਚੋਣ ਤਾਂ ਹੋ ਜਾਵੇਗੀ ਪਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਲਈ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਸੌਂਪ ਦਿੱਤੇ ਜਾਣਗੇ। ਸ੍ਰੀ ਆਸਕਰ ਫਰਨਾਂਡਿਜ਼ ਵਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਕਾਗਜ਼ ਨਾਮਜ਼ਦਗੀ 12 ਤੇ 13 ਸਤੰਬਰ ਨੂੰ ਦਾਖ਼ਲ ਹੋਣਗੇ। ਕਾਗਜ਼ਾਂ ਦੀ ਜਾਂਚ 14 ਸਤੰਬਰ ਨੂੰ ਨੂੰ ਕੀਤੀ ਜਾਵੇਗੀ। ਕਾਗਜ਼ ਨਾਮਜ਼ਦਗੀ ਵਾਪਸ ਲੈਣ ਦੀ ਤਰੀਕ 15 ਸਤੰਬਰ ਮਿਥੀ ਗਈ ਹੈ। ਜਦੋਂਕਿ ਜੇਕਰ ਕਿਸੇ ਅਹੁਦੇ ਲਈ ਚੋਣ ਦੀ ਲੋੜ ਪਈ ਤਾਂ ਵੋਟਾਂ 17 ਸਤੰਬਰ ਨੂੰ ਪੈਣਗੀਆਂ।
|
|
News Source :Staffer
|
|
|
ਜਲੰਧਰ-ਫਿਰੋਜ਼ਪੁਰ ਰੇਲ ਮਾਰਗ ਬਹਾਲ | |
ਜਲੰਧਰ 28 ਅਗਸਤ- ਜਲੰਧਰ-ਫਿਰੋਜ਼ਪੁਰ ਰੇਲਵੇ ਮਾਰਗ ਅੱਜ ਬਹਾਲ ਹੋ ਗਿਆ ਅਤੇ ਅੱਜ ਸਾਰੀਆਂ ਰੇਲ ਗੱਡੀਆਂ ਨਿਰਧਾਰਤ ਸਮੇਂ 'ਤੇ ਇਸ ਮਾਰਗ ਰਾਹੀਂ ਰਵਾਨਾ ਕੀਤੀਆਂ ਗਈਆਂ। ਰੇਲਵੇ ਦੇ ਬੁਲਾਰੇ ਅਨੁਸਾਰ ਜਲੰਧਰ-ਫਿਰੋਜ਼ਪੁਰ ਮਾਰਗ 'ਤੇ ਗਿਦੜਪਿੰਡੀ ਰੇਲਵੇ ਪੁਲ 'ਤੇ ਹੜ੍ਹਾਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਸੀ, ਜਿਸ ਕਾਰਨ ਰੇਲ ਪ੍ਰਸ਼ਾਸਨ ਨੇ ਗੱਡੀਆਂ ਦੀ ਸਿੱਧੀ ਆਵਾਜਾਈ ਰੋਕ ਦਿੱਤੀ ਸੀ ਅਤੇ ਕੁਝ ਗੱਡੀਆਂ ਦਾ ਬਰਾਸਤਾ ਲੁਧਿਆਣਾ ਤੋਰੀਆਂ ਗਈਆਂ ਸਨ।
|
|
News Source :Staffer
|
|
|
ਭਾਰਤ-ਪਾਕਿ ਵਿਚਾਲੇ ਹੁਣ ਹੜ੍ਹ ਦੇ ਪਾਣੀ ਨੂੰ ਲੈ ਕੇ ਵਿਵਾਦ | |
ਫਿਰੋਜ਼ਪੁਰ 28 ਅਗਸਤ- ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੇ ਤਿੰਨ ਜੰਗ ਝੱਲੇ ਹਨ, ਅਤੇ ਪਾਣੀ ਦੀ ਹਿੱਸੇਦਾਰੀ 'ਤੇ ਵੀ ਦੋਵਾਂ ਮੁਲਕਾਂ ਵਿਚਾਲੇ ਵਿਵਾਦ ਰਿਹਾ ਹੈ। ਪਰੰਤੂ ਹੁਣ ਦੋਵਾਂ ਦੇਸ਼ਾਂ ਦੇ ਲੋਕ ਹੜ੍ਹ ਦੇ ਪਾਣੀ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਮੋਰਚਿਆਂ 'ਤੇ ਲੜਾਈ ਲੜ ਰਹੇ ਹਨ। ਦੋਵਾਂ ਮੁਲਕਾਂ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਭਾਰੀ ਬਾਰਿਸ਼ ਕਾਰਨ ਕਈ ਇਲਾਕੇ ਹੜ੍ਹ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਪਾਕਿਸਤਾਨ ਦਾ ਪੰਜਵਾਂ ਹਿੱਸਾ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਦੋਵਾਂ ਮੁਲਕਾਂ ਦੇ ਖੇਤਰੀ ਅਧਿਕਾਰੀ ਜ਼ਿਆਦਾ ਪਾਣੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ 'ਚ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਅਧਿਕਾਰੀ ਆਪਣੇ ਵੱਲੋਂ ਭਾਰਤ 'ਚ ਪਾਣੀ ਛੱਡ ਰਹੇ ਹਨ, ਜਿਸ ਕਾਰਨ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਚਮੜਿਆਵਾਲਾ, ਸੁਲਤਾਨਵਾਲਾ, ਨਿਜ਼ਾਮਵਾਲਾ ਅਤੇ ਹੋਰਨਾਂ ਪਿੰਡਾਂ 'ਚ ਹੜ੍ਹ ਆ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਜਲਦ ਹੀ ਇਹ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾ ਕੇ ਉਨ੍ਹਾਂ ਤੋਂ ਇਸ ਸਬੰਧੀ ਦਖ਼ਲਅੰਦਾਜ਼ੀ ਦੀ ਮੰਗ ਕਰਨਗੇ। ਰਾਜ ਦੇ ਖੇਤੀਬਾੜੀ ਮੰਤਰੀ ਸ: ਜਨਮੇਜਾ ਸਿੰਘ ਸੇਖੋਂ ਨੋ ਕਿਹਾ ਕਿ ਪਾਕਿਸਤਾਨ ਨੇ ਆਪਣੇ ਪਾਸਿਓਂ ਸਤਲੁਜ ਨਦੀ 'ਤੇ ਇਕ ਛੋਟਾ ਬੰਨ੍ਹ ਬਣਾ ਰੱਖਿਆ ਹੈ, ਜਿਸ ਕਾਰਨ ਪਾਣੀ ਸਾਡੇ ਵਾਲੇ ਪਾਸੇ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਹੜ੍ਹ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਦਰਿਆ- ਸਤਲੁਜ, ਬਿਆਸ ਅਤੇ ਰਾਵੀ- ਭਾਰਤੀ ਖੇਤਰ (ਪੰਜਾਬ) ਤੋਂ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਹਿੰਦੇ ਹਨ। ਇਸ ਮੌਨਸੂਨ ਦੇ ਮੌਸਮ 'ਚ ਵੀ ਸਾਰੇ ਦਰਿਆ ਭਰ ਚੁੱਕੇ ਹਨ। ਭਾਰਤ ਨੇ ਜ਼ਿਆਦਾ ਪਾਣੀ ਪਾਕਿਸਤਾਨ 'ਚ ਵਹਾਉਣ ਦੀ ਆਗਿਆ ਦਿੱਤੀ ਹੈ। ਦੂਜੇ ਪਾਸੇ, ਹੜ੍ਹ ਦਾ ਕਹਿਰ ਝੱਲ ਰਹੇ ਪਾਕਿਸਤਾਨ ਦੇ ਅਧਿਕਾਰੀ ਪਾਣੀ ਦਾ ਵਹਾਅ ਭਾਰਤ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਇਥੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਦਾ ਪ੍ਰਵਾਹ ਭਾਰਤ ਵੱਲ ਮੋੜਨ ਦੀ ਅਜਿਹੀ ਹੀ ਘਟਨਾ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਵੀ ਹੋਣ ਵੀ ਸੂਚਨਾ ਮਿਲੀ ਹੈ।
|
|
News Source :Staffer
|
|
|
ਪੰਜਾਬ ਵਿਚ ਇਕਤਰਫਾ ਵਿਕਾਸ ਸੂਬੇ ਦੀ ਤ੍ਰਾਸਦੀ-ਭੱਠਲ | |
ਚੰਡੀਗੜ੍ਹ 28 ਅਗਸਤ- ਪੰਜਾਬ ਵਿਚ ਕੀਤਾ ਜਾ ਰਿਹਾ ਇਕਤਰਫਾ ਵਿਕਾਸ ਸੂਬੇ ਦੀ ਤ੍ਰਾਸਦੀ ਹੈ ਕਿ ਇਹ ਗੱਲ ਅੱਜ ਇਥੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਕਹੀ, ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈਵਾਲ ਭਾਜਪਾ ਦੀ ਨੁਮਾਇੰਦਗੀ ਵਾਲੇ ਖੇਤਰਾਂ ਲਈ ਵਿਕਾਸ ਫੰਡ ਜਾਰੀ ਕਰਨ ਵਿਚ ਵਿਤਕਰੇ ਨੂੰ ਲੈ ਕੇ ਭਾਜਪਾ ਵੱਲੋਂ ਲਾਏ ਗਏ ਦੋਸ਼ਾਂ ਉਪਰ ਬੋਲ ਰਹੇ ਸਨ। ਭੱਠਲ ਨੇ ਇਥੇ ਜਾਰੀ ਕੀਤੇ ਆਪਣੇ ਬਿਆਨ ਵਿਚ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਮੂਕ ਦਰਸ਼ਕ ਬਣ ਕੇ ਨਾ ਰਹੇ, ਸਗੋਂ ਇਕਸਾਰ ਵਿਕਾਸ ਯਕੀਨੀ ਬਣਾਉਣ ਜਾਂ ਸਰਕਾਰ ਛੱਡਣ ਦਾ ਹੌਂਸਲਾ ਕਰਨ। ਉਨ੍ਹਾ ਕਿਹਾ ਕਿ ਕਿਸੇ ਵੀ ਚੁਣੀ ਹੋਈ ਸਰਕਾਰ ਦਾ ਇਹ ਇਖਲਾਕੀ ਫਰਜ਼ ਹੈ ਕਿ ਇਕ ਤਰਫਾ ਵਿਕਾਸ ਦੀ ਬਜਾਏ ਸੂਬੇ ਦਾ ਬਹੁਪੱਖੀ ਵਿਕਾਸ ਹੋਵੇ। ਭੱਠਲ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਦੀ ਕੀ ਹਾਲਤ ਹੋਵੇਗੀ ਜਦੋਂ ਸੱਤਾਧਾਰੀ ਪਾਰਟੀ ਦੀ ਭਾਈਵਾਲ ਪਾਰਟੀ ਭਾਜਪਾ ਵੀ ਵਿਕਾਸ ਫੰਡਾਂ ਵਿਚ ਵਿਤਕਰਾ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਬੰਧਨ ਸਿਰਫ ਆਪਸੀ ਭਲਾਈ ਦਾ ਹੈ ਨਾ ਕਿ ਲੋਕਾਂ ਦੀ ਭਲਾਈ ਤੇ ਤਰੱਕੀ ਦਾ।
|
|
News Source :Staffer
|
|
|
ਸਰਹੱਦੀ ਖੇਤਰ 'ਚ ਬਾਦਲ ਨੇ ਲਾਈ ਗ੍ਰਾਂਟਾਂ ਦੀ ਝੜੀ | |
ਗੋਲੂ ਕਾ ਮੋੜ, ਮਮਦੋਟ 28 ਅਗਸਤ- ਅਕਾਲੀ ਨੇਤਾ ਖੁਣੋਂ ਸੱਖਣੇਂ ਗੁਰੂਹਰਸਹਾਏ ਵਿਧਾਨ ਸਭਾ ਹਲਕਾ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਲਈ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਸੰਗਤ ਦਰਸ਼ਨ ਕਰਕੇ ਦੁੱਖ ਤਕਲੀਫ਼ਾਂ ਸੁਣੀਆਂ ਤੇ ਸਰਹੱਦੀ ਖੇਤਰ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੀ ਝੜੀ ਲਾ ਦਿੱਤੀ। ਪਹਿਲੇ ਦਿਨ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਪਹਿਲੇ ਜੋਨ ਸਰਹੱਦੀ ਪਿੰਡ ਗਜ਼ਨੀਵਾਲਾ (ਦੋਨਾਂ ਮੱਤੜਾਂ) ਵਿਖੇ 28 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ, ਜਿਸ ਵਿਚ ਸ: ਬਾਦਲ ਨੇ ਇਨ੍ਹਾਂ ਪਿੰਡਾਂ ਨੂੰ ਵੱਖ- ਵੱਖ ਕੰਮਾਂ ਲਈ ਕੋਈ 85 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਮੌਕੇ 'ਤੇ ਪੰਚਾਇਤਾਂ ਨੂੰ ਸੌਂਪੇ ਤੇ ਇਸ ਤੋਂ ਇਲਾਵਾ ਹਰ ਪਿੰਡ ਦੀ ਯੂਥ ਕਲੱਬ ਨੂੰ ਸਪੋਰਟਸ ਕਿੱਟਾਂ ਵੰਡੀਆਂ। ਸ: ਬਾਦਲ ਨੇ ਪਿੰਡ ਗਜ਼ਨੀਵਾਲਾ ਨੂੰ 3 ਲੱਖ ਰੁਪਏ, ਗੱਟੀ ਮੱਤੜ ਨੂੰ 2 ਲੱਖ, ਚੱਕ ਰਾਓ ਕੇ 2 ਲੱਖ, ਚੱਕ ਮੇਘਾ ਵਿਰਾਨ ਨੂੰ 4 ਲੱਖ, ਚੱਕ ਮਾਦੀ ਦੇ ਨੂੰ 4 ਲੱਖ, ਅਵਾਣ ਨੂੰ 4 ਲੱਖ 50 ਹਜ਼ਾਰ, ਅਹਿਮਦ ਢੰਡੀ ਨੂੰ 4 ਲੱਖ 76 ਹਜ਼ਾਰ, ਪਿੰਡ ਆਤੂ ਵਾਲਾ ਨੂੰ 2 ਲੱਖ, ਖੁੰਦਰ ਹਿਠਾੜ 5 ਲੱਖ 50 ਹਜ਼ਾਰ, ਮਾਦੀ ਕੇ 75 ਹਜ਼ਾਰ, ਫਾਰੂ ਵਾਲਾ 15 ਲੱਖ, ਰਾਜਾ ਰਾਏ ਪੰਚਾਇਤ ਨੂੰ 50 ਹਜ਼ਾਰ, ਬਹਾਦਰ ਕੇ 1 ਲੱਖ 25 ਹਜ਼ਾਰ, ਬਾਜੇ ਕੇ 1 ਲੱਖ, ਪਿੰਡੀ 14 ਲੱਖ 30 ਹਜ਼ਾਰ, ਮਾੜੇ ਕਲਾਂ 1 ਲੱਖ ਰੁਪਏ, ਮਾੜੇ ਖੁਰਦ 2 ਲੱਖ 30 ਹਜ਼ਾਰ, ਬਸਤੀ ਜਆਏ ਸਿੰਘ 6 ਲੱਖ 50 ਹਜ਼ਾਰ, ਬਸਤੀ ਲੱਲੇ ਵਾਲੀ ਨੂੰ 3 ਲੱਖ 25 ਹਜ਼ਾਰ, ਢਾਣੀ ਸ਼ਾਮ ਸਿੰਘ ਨੂੰ 4 ਲੱਖ, ਬੋਹੜੀਆਂ ਨੂੰ 2 ਲੱਖ 75 ਲੱਖ, ਬਸਤੀ ਵਲੂ ਸਿੰਘ 1 ਲੱਖ 50 ਲੱਖ, ਵਾਦੀਆਂ ਨੂੰ 3 ਲੱਖ, ਬਸਤੀ ਲਾਭ ਸਿੰਘ ਵਾਲੀ ਨੂੰ 2 ਲੱਖ 50 ਹਜ਼ਾਰ ਗ੍ਰਾਂਟ ਦੇ ਚੈਕ ਸਰਪੰਚਾਂ ਨੂੰ ਵੰਡੇ। ਇਸ ਤੋਂ ਇਲਾਵਾ ਇਨ੍ਹਾਂ ਸਮੂਹ ਪਿੰਡਾਂ ਵਿਚ ਛੱਪੜਾਂ ਦੀ ਸਫ਼ਾਈ, ਸ਼ਮਸ਼ਾਨ ਘਾਟਾਂ ਦੀ ਚਾਰਦੀਵਾਰੀ, ਸ਼ੈਡਾਂ, ਕਮਿਉਨਟੀ ਹਾਲ ਪੰਚਾਇਤੀ ਜ਼ਮੀਨਾਂ ਵਿਚ ਮੋਟਰ ਕੁਨੈਕਸ਼ਨ ਲੋੜ ਮੁਤਾਬਿਕ ਲਾਉਣ ਲਈ ਸਬੰਧਤ ਮਹਿਕਮੇ ਨੂੰ ਹੁਕਮ ਦਿੱਤੇ। ਸੰਗਤ ਦਰਸ਼ਨ ਦੌਰਾਨ ਮਿਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਮੁੱਖ ਮੰਤਰੀ ਵੱਲੋਂ ਖੁਦ ਮੌਕੇ 'ਤੇ ਸਬੰਧਿਤ ਅਫ਼ਸਰਾਂ ਬੁਲਾ ਕੇ ਕੀਤਾ ਗਿਆ। ਸੰਗਤ ਦਰਸ਼ਨ ਦੌਰਾਨ ਸ਼ੇਰ ਸਿੰਘ ਘੁਬਾਇਆ ਐਮ.ਪੀ. ਫ਼ਿਰੋਜ਼ਪੁਰ, ਸਾਂ ਜਨਮੇਜ਼ਾ ਸਿੰਘ ਸੇਖੋਂ ਸਿੰਚਾਈ ਮੰਤਰੀ, ਰੋਹਿਤ ਵੋਹਰਾ (ਮੋਂਟੂ) ਵੋਹਰਾ ਜ਼ਿਲ੍ਹਾ ਚੇਅਰਮੈਨ ਸਹਿਕਾਰੀ ਬੈਂਕ, ਦਰਸ਼ਨ ਸਿੰਘ ਬਰਾੜ ਸਰਕਲ ਪ੍ਰਧਾਨ ਗੁਰੂਹਰਸਹਾਏ, ਹਰਪਾਲ ਸਿੰਘ ਬੇਦੀ ਸਰਪੰਚ ਲੈਪੋ, ਪ੍ਰੀਤਮ ਸਿੰਘ ਮਲਸੀਆਂ, ਸੁਰਿੰਦਰਪਾਲ ਸਿੰਘ ਪੋਪਾ ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ, ਸਤਨਾਮ ਬਰਾੜ ਮੋਠਾਂ ਵਾਲਾ, ਸੋਨੂੰ ਗੱਖੜ, ਵਰਦੇਵ ਸਿੰਘ ਮਾਨ, ਗੁਰਪ੍ਰੀਤ ਸਿੰਘ ਲੱਖੋ ਕੇ, ਸਿੰਗਾਰ ਸਿੰਘ ਸੋਢੀ, ਦਵਿੰਦਰ ਸਿੰਘ ਬੱਬਲ ਜਲਾਲਾਬਾਦ, ਸੁਖਵੰਤ ਸਿੰਘ ਸਰਪੰਚ ਕਰਕਾਂਦੀ, ਬਲਦੇਵ ਸਿੰਘ ਮਾਹਮੂਜੋਈਆਂ, ਜ਼ਿਲ੍ਹੇ ਦੀ ਡੀ.ਸੀ. ਕਮਲ ਕਿਸ਼ੋਰ ਯਾਦਵ, ਐਸ.ਐਸ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਸਮੇਤ ਵੱਖ ਵੱਖ ਮਹਿਕਮਿਆਂ ਦੇ ਅਫ਼ਸਰ ਮੌਕੇ 'ਤੇ ਮੌਜੂਦ ਸਨ। ਉੱਧਰ ਅੱਜ ਹੀ ਸ: ਬਾਦਲ ਨੇ ਪਿੰਡ ਮਾਹਮੂਜੋਈਆਂ, ਪੰਜੇ ਕੇ ਉਤਾੜ ਵਿਖੇ ਵੀ ਸੰਗਤ ਦਰਸ਼ਨ ਕਰਕੇ ਮੁਸ਼ਕਿਲਾਂ ਸੁਣੀਆਂ ਤੇ ਪੰਚਾਇਤਾਂ ਨੂੰ ਗ੍ਰਾਂਟ ਜਾਰੀ ਕੀਤੀ।
|
|
News Source :Staffer
|
|
|
ਸੁਖਬੀਰ ਨੇ ਪਾਈ ਡਿਪਟੀ ਕਮਿਸ਼ਨਰਾਂ ਨੂੰ ਝਾੜ | |
ਚੰਡੀਗੜ੍ਹ 28 ਅਗਸਤ- ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਡਿਪਟੀ ਕਮਿਸ਼ਨਰਾਂ ਦੀ ਅੱਜ ਇੱਥੇ ਲਈ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਦੀ ਚੰਗੀ ਕਲਾਸ ਲੱਗੀ ਅਤੇ ਕੁਝ ਇਕ ਡਿਪਟੀ ਕਮਿਸ਼ਨਰਾਂ ਲਈ ਆਪਣੀ ਕਾਰਗੁਜ਼ਾਰੀ ਸਬੰਧੀ ਜਵਾਬ ਦੇਣਾ ਵੀ ਮੁਸ਼ਕਿਲ ਹੋ ਗਿਆ। ਉਨ੍ਹਾਂ ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰਾਂ ਨੂੰ ਪੁੱਛਿਆ ਕਿ ਉਨ੍ਹਾਂ ਵੱਲੋਂ ਨਰੇਗਾ ਵਿਚਲੇ ਫੰਡਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ, ਤਾਂ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਉਸ ਤੋਂ ਫੰਡ ਕਿਸੇ ਵੱਲੋਂ ਮੰਗੇ ਹੀ ਨਹੀਂ ਗਏ। ਐਕਸੀਅਨ ਸਿੰਚਾਈ ਵੱਲੋਂ 6 ਲੱਖ ਰੁਪਏ ਮੰਗੇ ਗਏ ਸਨ, ਜੋ ਉਨ੍ਹਾਂ ਤੁਰੰਤ ਦੇ ਦਿੱਤੇ। ਇਸ ਜੁਆਬ 'ਤੇ ਉੱਪ ਮੁੱਖ ਮੰਤਰੀ ਨੇ ਆਪਣੀ ਸਪੱਸ਼ਟ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੀ ਤੁਆਡੀਆਂ ਆਪਣੀਆਂ ਅੱਖਾਂ ਬੰਦ ਹਨ? ਉਨ੍ਹਾਂ ਕਿਹਾ ਕਿ ਬਰਸਾਤੀ ਨਾਲੇ ਅਤੇ ਦਰਿਆ ਗਾਦ ਨਾਲ ਭਰੇ ਪਏ ਹਨ, ਜਿਸ ਕਾਰਨ ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਇਹ ਖੁਦ ਕਿਉਂ ਨਹੀਂ ਵੇਖ ਸਕਦੇ ਕਿ ਕਿੱਥੇ ਕੰਮ ਕਰਾਏ ਜਾਣ ਦੀ ਜ਼ਰੂਰਤ ਹੈ? ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਣਨਾ ਹਰ ਕਿਸੇ ਲਈ ਸਭ ਤੋਂ ਵੱਡਾ ਸੁਪਨਾ ਹੋ ਸਕਦਾ ਹੈ ਅਤੇ ਤੁਸੀਂ ਲੋਕ ਡੀ.ਸੀ. ਬਣ ਕੇ ਵੀ ਕੰਮ ਕਿਉਂ ਨਹੀਂ ਕਰ ਰਹੇ। ਹੁਸ਼ਿਆਰਪੁਰ ਦੇ ਇਕ ਸਾਬਕਾ ਡਿਪਟੀ ਕਮਿਸ਼ਨਰ ਸਬੰਧੀ ਸਾਹਮਣੇ ਆਏ ਤੱਥਾਂ 'ਤੇ ਉਸ ਦੇ ਕਾਰਜਕਾਲ ਦੌਰਾਨ ਨਰੇਗਾ ਦੇ ਫੰਡਾਂ ਦੀ ਵਰਤੋਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਉਨ੍ਹਾਂ ਕੀਤੇ ਕੰਮਾਂ ਦੀਆਂ ਕਹਾਣੀਆਂ ਸੁਣਾ ਕੇ ਪਾਗਲ ਕਰ ਦਿੱਤਾ, ਪਰ ਇਹ ਪਤਾ ਹੁਣ ਲੱਗ ਰਿਹਾ ਹੈ ਕਿ ਨਰੇਗਾ ਦੇ ਪੈਸੇ ਖ਼ਰਚਣ ਵਿਚ ਉਸ ਦੀ ਕਾਰਗੁਜ਼ਾਰੀ ਏਨੀ ਮਾੜੀ ਸੀ। ਮੀਟਿੰਗ ਦੌਰਾਨ ਜ਼ਮੀਨੀ ਰਿਕਾਰਡਾਂ ਦੇ ਕੰਪਿਊਟਰੀਕਰਨ ਦੀ ਮੱਠੀ ਚਾਲ ਲਈ ਵੀ ਉੱਪ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆੜੇ ਹੱਥੀਂ ਲਿਆ ਅਤੇ ਇਹ ਕੰਮ ਕਰਨ ਵਾਲੀ ਕੰਪਨੀ ਸੀ.ਐਮ.ਐਸ. ਦੇ ਮੀਟਿੰਗ ਵਿਚ ਹਾਜ਼ਰ ਨੁਮਾਇੰਦੇ ਨੂੰ ਚੰਗੀ ਝਾੜ ਪਾਈ। ਉਨ੍ਹਾਂ ਕੰਪਨੀ ਦੇ ਨੁਮਾਇੰਦੇ ਨੂੰ ਕਿਹਾ ਕਿ ਤੁਸੀਂ ਲੋਕ ਪਹਿਲੇ ਦਿਨ ਤੋਂ ਹੀ ਮੁਨਾਫੇ ਕਮਾਉਣ ਦੀ ਆਸ ਕਰ ਰਹੇ ਹੋ, ਜਦੋਂਕਿ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕੰਪਿਊਟਰੀਕਰਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਉੱਪ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਹਰੇਕ ਮਹੀਨੇ ਦੌਰਾਨ 1 ਲੱਖ 11 ਹਜ਼ਾਰ ਕੇਸਾਂ ਦਾ ਰਿਕਾਰਡ ਕੰਪਿਊਟਰੀਕਰਨ ਕਰਨ ਦਾ ਹਰੇਕ ਡਿਪਟੀ ਕਮਿਸ਼ਨਰ ਨੂੰ ਜੋ ਟੀਚਾ ਦਿੱਤਾ ਗਿਆ ਹੈ, ਉਸ ਦੀ ਤਾਮੀਲ ਹੋਣੀ ਚਾਹੀਦੀ ਹੈ ਅਤੇ ਭਾਵੇਂ ਉਹ 24 ਘੰਟੇ ਕੰਮ ਕਰਾਉਣ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਇਸ ਸਾਰੇ ਕੰਮ ਦੀ ਨਵੰਬਰ ਵਿਚ ਦੋਬਾਰਾ ਕਾਰਗੁਜ਼ਾਰੀ ਵੇਖਣਗੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕੰਪਿਊਟਰੀਕਰਨ ਦੇ ਕੰਮ ਵਿਚ ਮੋਗਾ, ਕਪੂਰਥਲਾ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਸਮੇਤ ਕੁਝ ਜ਼ਿਲ੍ਹੇ ਪਿੱਛੇ ਚੱਲ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰਾਂ ਦੀਆਂ ਇਹ ਦਲੀਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਕੰਪਿਊਟਰ ਓਪਰੇਟਰ ਹੜਤਾਲ 'ਤੇ ਚਲੇ ਗਏ ਸਨ ਜਾਂ ਉਨ੍ਹਾਂ ਕੋਲ ਓਪਰੇਟਰਾਂ ਦੀ ਕਮੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਵੱਲੋਂ ਕੰਪਿਊਟਰ ਓਪਰੇਟਰ ਰੱਖਣ ਦੇ ਸਾਰੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਹੋਏ ਹਨ ਤੇ ਕੰਪਿਊਟਰੀਕਰਨ ਸਬੰਧੀ ਟੀਚੇ ਪੂਰੇ ਕਰਨ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰਾਂ ਦੀ ਹੈ। ਮੀਟਿੰਗ ਦੌਰਾਨ ਇਕ ਡਿਪਟੀ ਕਮਿਸ਼ਨਰ ਵੱਲੋਂ ਉਸ ਦੇ ਕੰਮ ਦੀ ਹੋਈ ਨੁਕਤਾਚੀਨੀ 'ਤੇ ਜਦੋਂ ਇਹ ਕਿਹਾ ਗਿਆ ਕਿ ਮਗਰਲੇ ਸਾਲ ਉਨ੍ਹਾਂ ਦੇ ਕੰਮ ਦੀ ਕਾਰਗੁਜ਼ਾਰੀ ਕਾਫੀ ਚੰਗੀ ਰਹੀ ਤੇ ਇਹ ਸਾਲ ਪੂਰਾ ਹੋਣ ਤੱਕ ਵੀ ਉਹ ਕਾਰਗੁਜ਼ਾਰੀ ਠੀਕ ਕਰ ਲੈਣਗੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਕਿਸ ਕਿਸਮ ਦੇ ਡੀ.ਸੀ. ਹੋ, ਜੋ ਅਸਲ ਮੁੱਦੇ ਦਾ ਸਪੱਸ਼ਟ ਜੁਆਬ ਦੇਣ ਦੀ ਥਾਂ ਅਜਿਹੇ ਵਿਚਾਰ ਦੇ ਰਹੇ ਹੋ?
|
|
News Source :Staffer
|
|
|
ਪੰਜਾਬ 'ਚ ਹੜ੍ਹਾਂ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ | |
ਜਲੰਧਰ 27 ਅਗਸਤ- ਸਤਲੁੱਜ ਦਰਿਆ ਵਿਚ ਆਏ ਹੜ੍ਹਾਂ ਕਾਰਨ ਫਿਰੋਜ਼ਪੁਰ ਦੇ ਦਰਿਆਈ ਖੇਤਰ 'ਚ ਕਿਸਾਨਾਂ ਵੱਲੋਂ ਬਣਾਏ ਦੋ ਆਰਜ਼ੀ ਬੰਨ੍ਹ ਟੁੱਟਣ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਇਥੇ ਚਵਾੜਿਆਂ ਵਾਲਾ ਬੰਨ੍ਹ ਟੁੱਟ ਗਿਆ ਹੈ ਤੇ ਪਾਕਿਸਤਾਨ ਵਾਲੇ ਪਾਸਿਓਂ ਹੁਸੈਨੀਵਾਲਾ ਕੌਮਾਂਤਰੀ ਸਰਹੱਦ ਤੇ ਵੀਅਰ ਸਟੇਟ 'ਚ ਬਣਾਇਆ ਆਰਜ਼ੀ ਬੰਨ੍ਹ ਟੁੱਟਣ ਕਾਰਨ ਦਰਜਨ ਪਿੰਡਾਂ ਦੇ ਖੇਤਾਂ ਵਿਚ ਪਾਣੀ ਭਰ ਗਿਆ। ਇਸ ਦੌਰਾਨ ਭਾਖੜਾ ਡੈਮ ਤੋਂ ਸਤਲੁੱਜ 'ਚ ਛੱਡਿਆ ਜਾ ਰਿਹਾ ਪਾਣੀ ਜ਼ਿਲ੍ਹਾ ਤਰਨ ਤਾਰਨ ਦੇ ਹਰੀਕੇ ਖੇਤਰ ਦੇ ਲੋਕਾਂ ਲਈ ਕਹਿਰ ਸਾਬਿਤ ਹੋ ਰਿਹਾ ਹੈ ਜਿਥੇ ਅੱਜ ਦੂਜੇ ਦਿਨ ਕਰੀਬ ਇਕ ਫੁੱਟ ਪਾਣੀ ਵਧਣ ਦੇ ਵੇਰਵੇ ਮਿਲੇ ਹਨ। ਹਰੀਕੇ ਦੇ ਹਥਾੜ ਖੇਤਰ ਵਿਚ ਅੱਜ ਬਹਿਕਾਂ ਵਿਚ ਘਿਰੇ ਲੋਕਾਂ ਨੂੰ ਪ੍ਰਸ਼ਾਸਨਿਕ ਟੀਮ ਨੇ ਬੇੜੀ ਰਾਹੀਂ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਭੋਜਨ ਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ। ਨੂਰਪੁਰ ਬੇਦੀ ਵਿਖੇ ਇਕ ਬਜ਼ੁਰਗ ਦਰਿਆ ਵਿਚ ਰੁੜ੍ਹ ਗਿਆ। ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਹੈ ਕਿ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਕਾਬੂ ਹੇਠ ਹੈ ਤੇ ਕੁਝ ਲੋਕਾਂ ਵੱਲੋਂ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧ ਕੇ 1674. 53 ਫੁੱਟ ਤੱਕ ਜਾ ਪੁੱਜਾ ਹੈ ਤੇ ਇਥੇ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਰਾਜਧਾਨੀ ਦਿੱਲੀ ਵਿਚ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਹੈ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ। ਫ਼ਿਰੋਜ਼ਪੁਰ-ਸਤਲੁਜ ਦਰਿਆ 'ਚ ਆਏ ਹੜ੍ਹਾਂ ਕਾਰਨ ਦਰਿਆਈ ਖੇਤਰ 'ਚ ਕਿਸਾਨਾਂ ਵੱਲੋਂ ਬਣਾਏ ਦੋ ਆਰਜ਼ੀ ਬੰਨ੍ਹ ਟੁੱਟਣ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਦਰਿਆਈ ਪਾਣੀ ਤੋਂ ਫ਼ਸਲਾਂ ਬਚਾਉਣ ਲਈ ਕਿਸਾਨਾਂ ਵੱਲੋਂ ਆਪੋ-ਆਪਣੇ ਪੱਧਰ 'ਤੇ ਬਣਿਆ ਚਵਾੜਿਆਂ ਵਾਲਾ ਬੰਨ੍ਹ ਟੁੱਟ ਗਿਆ ਤੇ ਪਾਕਿਸਤਾਨ ਵਾਲੇ ਪਾਸਿਓਂ ਹੁਸੈਨੀਵਾਲਾ ਕੌਮਾਂਤਰੀ ਸਰਹੱਦ ਤੇ ਵੀਅਰ ਸਟੇਟ 'ਚ ਪਾਕਿ ਵਾਲੇ ਪਾਸੇ ਲੋਕਾਂ ਤੇ ਫ਼ੌਜ ਵੱਲੋਂ ਬਣਾਇਆ ਆਰਜ਼ੀ ਬੰਨ੍ਹ ਟੁੱਟ ਜਾਣ ਨਾਲ ਦਰਜਨ ਦੇ ਕਰੀਬ ਪਿੰਡਾਂ ਦੇ ਖੇਤਾਂ 'ਚ ਪਾਣੀ ਭਰ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਅਰ ਸਟੇਟ ਅੰਦਰ ਵਸੇ ਡੇਢ ਦਰਜਨ ਦੇ ਕਰੀਬ ਪਿੰਡਾਂ ਤੇ ਬਸਤੀਆਂ ਨੂੰ ਖਾਲੀ ਕਰਨ ਦੇ ਹੁਕਮ ਤਾਂ ਪਹਿਲਾਂ ਹੀ ਦਿੱਤੇ ਸਨ, ਹੁਣ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪੁੱਜਣ ਲਈ ਕਿਹਾ ਗਿਆ ਹੈ। ਤਰਨ ਤਾਰਨ/ਹਰੀਕੇ ਪੱਤਣ/ਪੱਟੀ/ ਖੇਮਕਰਨ/ਅਮਰਕੋਟ-ਭਾਖੜਾ ਡੈਮ ਤੋਂ ਸਤਲੁਜ 'ਚ ਛੱਡਿਆ ਜਾ ਰਿਹਾ ਪਾਣੀ ਹਰੀਕੇ ਹੈੱਡ ਵਰਕਸ ਵਿਚ ਪਹੁੰਚਣ ਉਪਰੰਤ ਦਰਿਆ ਦੇ ਹੈੱਡ ਤੋਂ ਗੇਟ ਖੋਲ੍ਹ ਕੇ ਡਾਊਨ ਸਟੀਮ ਵੱਲ ਛੱਡੇ ਜਾ ਰਹੇ ਪਾਣੀ ਕਾਰਨ ਹਥਾੜ ਖੇਤਰ ਵਿਚ ਆਏ ਹੜ੍ਹ ਦੇ ਅੱਜ ਦੂਸਰੇ ਦਿਨ ਕਰੀਬ ਇਕ ਫੁੱਟ ਪਾਣੀ ਹੋਰ ਵੱਧ ਚੁੱਕਾ ਹੈ। ਹਥਾੜ ਖੇਤਰ ਦੇ ਪਿੰਡਾਂ ਦੇ ਖੇਤਾਂ ਵਿਚ ਬਣੀਆਂ ਬਹਿਕਾਂ ਦੇ ਲੋਕ ਪਿਛਲੇ 36 ਘੰਟੇ ਤੋਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਬੈਠ ਕੇ ਪ੍ਰਸ਼ਾਸਨ ਵੱਲੋਂ ਭੇਜੀ ਜਾ ਰਹੀ ਮਦਦ ਦੀ ਉਡੀਕ ਕਰ ਰਹੇ ਸਨ। ਦਰਿਆ ਸਤਲੁਜ ਵਲੋਂ ਤਾਜੋਵਾਲ-ਮੰਢਾਲਾ ਬੁਰਜੀ ਨੰਬਰ 80250-300 ਵਿਚ ਲੱਗੀ ਹੋਈ ਢਾਹ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਇਲਾਕੇ ਦੇ ਲੋਕਾਂ ਵਲੋਂ ਕੀਤੇ ਜਾ ਰਹੇ ਸਿਰਤੋੜ ਯਤਨਾਂ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ। ਅੱਜ ਸਵੇਰ ਸਮੇਂ ਦਰਿਆ ਵਿਚ ਪਾਣੀ 32991 ਕਿਊਸਿਕ ਫੁੱਟ ਸੀ ਜੋ ਬਾਅਦ ਦੁਪਹਿਰ 2 ਵਜੇ ਤੱਕ ਆ ਕੇ 29891 ਕਿਊਸਿਕ ਫੁੱਟ ਵਗ ਰਿਹਾ ਸੀ। ਇਲਾਕੇ ਦੇ ਸੈਂਕੜੇ ਨਰੇਗਾ ਵਰਕਰਾਂ ਸਮੇਤ ਜੁਟੇ ਹੋਏ ਮਰਦ ਔਰਤਾਂ ਦੀ ਅਣਥੱਕ ਮਿਹਨਤ ਸਦਕਾ ਇਹ ਠੋਕਰ, ਜਿਹੜੀ ਦਰਿਆ ਬੁਰਦ ਹੋ ਰਹੀ ਸੀ ਨੂੰ ਕਾਫ਼ੀ ਹੱਕ ਤੱਕ ਬਚਾਉਣ ਵਿਚ ਸਫ਼ਲਤਾ ਮਿਲੀ ਹੈ। ਬਾਦਲ ਵੱਲੋਂ ਗਿਰਦਾਵਰੀਆਂ ਦੇ ਹੁਕਮ ਫ਼ਿਰੋਜ਼ਪੁਰ-ਸਤਲੁਜ ਦਰਿਆ 'ਚ ਆਏ ਹੜ੍ਹਾਂ ਕਾਰਨ ਲੋਕਾਂ ਦੇ ਨੁਕਸਾਨ ਦੀ ਪੂਰਤੀ ਲਈ ਗਿਰਦਾਵਰੀਆਂ ਕਰਨ ਦੇ ਹੁਕਮ ਦਿੰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਹਾਲਾਤ ਸਥਿਰ ਹੋ ਜਾਣ 'ਤੇ ਬੰਨ੍ਹ ਮਜ਼ਬੂਤ ਕੀਤੇ ਜਾਣਗੇ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਜ ਦੇਰ ਸ਼ਾਮ ਇਥੇ ਸਤਲੁਜ ਦਰਿਆ 'ਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਪੁੱਜੇ ਸਨ। ਉਨ੍ਹਾਂ ਅਲੀ ਕੇ ਅਡਵਾਂਸ ਬੰਨ੍ਹ ਤੋਂ ਇਲਾਵਾ ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਵੀਅਰ ਸਟੇਟ ਅੰਦਰ ਪਾਣੀ ਦੀ ਮਾਰ ਹੇਠ ਆਏ ਪਿੰਡ ਜੱਲੋ ਕੇ, ਰਾਜੋ ਕੀ ਗੱਟੀ, ਟੇਡੀ ਵਾਲਾ ਦਾ ਦੌਰਾ ਵੀ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਨੂਰਪੁਰ ਬੇਦੀ/ਕੀਰਤਪੁਰ- ਸਵੇਰੇ 10 ਕੁ ਵਜੇ ਦੇ ਕਰੀਬ ਅਮਰਪੁਰ ਬੇਲਾ ਦਾ ਇਕ ਵਿਅਕਤੀ ਦੇ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਿਆ। ਦਲੀਪ ਚੰਦ (75) ਪੁੱਤਰ ਰਾਮ ਦਿੱਤਾ ਵਾਸੀ ਅਮਰਪੁਰ ਬੇਲਾ ਆਪਣੇ ਹੋਰ ਸਾਥੀਆਂ ਸਹਿਤ ਅੱਜ ਸਵੇਰੇ ਜਦੋਂ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਅਨੰਦਪੁਰ ਸਾਹਿਬ ਵਿਖੇ ਮਿਲਣ ਜਾ ਰਹੇ ਸੀ ਤਾਂ ਅਮਰਪੁਰ ਬੇਲਾ ਤੇ ਚੰਦਪੁਰ ਬੇਲਾ ਦੇ ਵਿਚਕਾਰ ਪੈਂਦੇ ਦਰਿਆ ਨੂੰ ਤੈਰ ਕੇ ਲੰਘਣ ਦੀ ਕੋਸ਼ਿਸ਼ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ।
ਸੁਖਬੀਰ ਵੱਲੋਂ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ 27 ਅਗਸਤ-ਦਰਿਆ ਸਤਲੁਜ ਅਤੇ ਸੁਆਂ ਨਦੀ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਬੇਲਿਆਂ ਦੇ ਪਿੰਡਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਦੇ ਹਨ। ਸੁਆਂ ਨਦੀ ਤੇ ਸਤਲੁਜ ਦਰਿਆ ਨੂੰ ਨੰਗਲ ਤੋਂ ਰੋਪੜ ਤੱਕ ਦੋਵੇਂ ਕੰਢਿਆਂ ਨੂੰ ਪੱਕੇ ਤੌਰ 'ਤੇ ਚੈਨਲਾਈਜ਼ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਪਿੰਡਾਂ ਦੀ ਇਹ ਸਮੱਸਿਆ ਦਾ ਪੱਕੇ ਤੌਰ 'ਤੇ ਨਿਪਟਾਰਾ ਹੋ ਸਕੇ। ਇਹ ਪ੍ਰਗਟਾਵਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਿੰਡ ਲੋਧੀਪੁਰ ਵਿਖੇ ਟੁੱਟੇ ਬੰਨ੍ਹ ਨੂੰ ਦੇਖਣ ਉਪਰੰਤ ਪੱਤਰਕਾਰ ਸੰਮੇਲਨ ਤੇ ਲੋਕਾਂ ਦੇ ਹੋਏ ਇਕੱਠਾਂ ਨੂੰ ਸੰਬੋਧਨ ਕਰਦੇ ਕੀਤਾ। ਚੀਫ ਇੰਜੀਨੀਅਰਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਸਾਰੇ ਕੰਮ ਦੀ ਯੋਜਨਾ ਬਣਾ ਕੇ ਜਲਦੀ ਸਰਕਾਰ ਨੂੰ ਦੇਣ।
|
|
News Source :Staffer
|
|
|
ਗ਼ਲਤ ਟੀਕਾ ਲੱਗਣ ਕਾਰਨ ਬੱਚੇ ਦੀ ਮੌਤ | |
ਨਵਾਂਸ਼ਹਿਰ 27 ਅਗਸਤ- ਦੇਰ ਸ਼ਾਮ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਹਸਪਤਾਲ ਸਟਾਫ਼ ਦੀ ਅਣਗਹਿਲੀ ਕਾਰਨ ਰੋਹਿਤ (6) ਪੁੱਤਰ ਗੁਰਪਾਲ ਵਾਸੀ ਗੁਰੂ ਤੇਗ ਬਹਾਦਰ ਨਗਰ, ਨਵਾਂਸ਼ਹਿਰ ਦੀ ਮੌਤ ਹੋ ਗਈ। ਭਰੇ ਮਨ ਨਾਲ ਗੱਲਬਾਤ ਕਰਦਿਆਂ ਗੁਰਪਾਲ ਨੇ ਦੱਸਿਆ ਕਿ ਉਸ ਵਲੋਂ ਆਪਣੇ ਬੇਟੇ ਨੂੰ ਗਲੇ 'ਚ ਟੌਂਸਲ ਸਬੰਧੀ ਇਲਾਜ ਲਈ ਈ. ਐਨ. ਟੀ. ਮਾਹਿਰ ਡਾ: ਅਜਮਿੰਦਰ ਕੌਰ ਗਿੱਲ ਕੋਲ ਲਿਆਂਦਾ ਗਿਆ ਸੀ। ਜਿਨ੍ਹਾਂ ਰੋਹਿਤ ਨੂੰ ਦਾਖ਼ਲ ਕਰਨ ਉਪਰੰਤ 26 ਅਗਸਤ ਨੂੰ ਅਪਰੇਸ਼ਨ ਕਰਨ ਲਈ ਆਖਿਆ। ਡਾ: ਗਿੱਲ ਵਲੋਂ ਅਪਰੇਸ਼ਨ ਦੀਆਂ ਦਵਾਈਆਂ ਆਦਿ ਵੀ 25 ਅਗਸਤ ਨੂੰ ਮੰਗਵਾ ਲਈਆਂ ਗਈਆਂ ਸਨ। ਸ਼ਾਮ ਕਰੀਬ ਅੱਠ ਵਜੇ ਜਦੋਂ ਡਾ: ਗਿੱਲ ਘਰ ਜਾ ਚੁੱਕੇ ਸਨ, ਤਾਂ ਸਟਾਫ਼ ਨਰਸ ਜਸਵੀਰ ਕੌਰ ਅਤੇ ਨਛੱਤਰ ਕੌਰ (ਦਰਜਾ ਚਾਰ) ਉਸਦੇ ਲੜਕੇ ਨੂੰ ਦਵਾਈ ਦੇਣ ਲਈ ਆਈਆਂ। ਨਛੱਤਰ ਕੌਰ ਨੇ ਪਹਿਲਾਂ ਰੋਹਿਤ ਦੇ ਦੁਪਹਿਰ ਵਾਲੇ ਟੀਕੇ 'ਚੋਂ ਅੱਧਾ ਟੀਕਾ ਲਗਾਇਆ ਅਤੇ ਫਿਰ ਅਪ੍ਰੇਸ਼ਨ ਲਈ ਲਿਆਂਦਾ ਟੀਕਾ 'ਐਰਟਾਸਿਲ' ਲਗਾ ਦਿੱਤਾ। ਜਿਸ ਨਾਲ ਰੋਹਿਤ ਮਿੰਟਾਂ 'ਚ ਆਕੜ ਗਿਆ ਅਤੇ ਸਾਰੇ ਹਸਪਤਾਲ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੂਚਨਾ ਮਿਲਦੇ ਸਾਰ ਡਾ: ਰਾਜੇਸ਼ ਭਾਟੀਆ ਨੇ ਰੋਹਿਤ ਨੂੰ ਬਚਾਉਣ ਲਈ ਉਸਦੇ ਗਲੇ 'ਚ ਪਾਈਪ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਰੋਹਿਤ ਨੂੰ ਤੁਰੰਤ ਲੁਧਿਆਣਾ, ਚੰਡੀਗੜ੍ਹ ਜਾਂ ਨਿੱਜੀ ਹਸਪਤਾਲ ਲਿਜਾਣ ਲਈ ਜ਼ੋਰ ਪਾ ਦਿੱਤਾ। ਜਦੋਂ ਉਨ੍ਹਾਂ ਵੱਲੋਂ ਬੱਚੇ ਦੇ ਜਿਊਂਦਾ ਨਾ ਹੋਣ ਸਬੰਧੀ ਡਾਕਟਰਾਂ ਨੂੰ ਆਖਿਆ ਜਾ ਰਿਹਾ ਸੀ ਤਾਂ ਇਕ ਡਾਕਟਰ ਵਲੋਂ ਸਾਹ ਵਾਲੀ ਮਸ਼ੀਨ ਲਗਾ ਕੇ ਬੱਚੇ ਦੇ ਜਿਊਂਦਾ ਹੋਣ ਦੀ ਪੁਸ਼ਟੀ ਕੀਤੀ ਗਈ, ਪਰ ਜਿਵੇਂ ਹੀ ਰੋਹਿਤ ਨੂੰ ਨਜ਼ਦੀਕ ਪੈਂਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਵਲੋਂ ਰੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਮੇਂ ਦੀ ਨਜ਼ਾਕਤ ਨੂੰ ਵੇਖ ਪੁਲਿਸ ਨੇ ਤੁਰੰਤ ਹਸਪਤਾਲ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਉਕਤ ਸਟਾਫ਼ ਮੈਂਬਰਾਂ ਤੋਂ ਇਲਾਵਾ ਰਾਤ ਸਮੇਂ ਡਿਊਟੀ 'ਤੇ ਤਾਇਨਾਤ ਡਾਕਟਰ ਐਨ.ਪੀ.ਸ਼ਰਮਾ 'ਤੇ ਵੀ ਕਾਰਵਾਈ ਦੀ ਮੰਗ ਕੀਤੀ ਗਈ। ਪੁਲਿਸ ਵਲੋਂ ਸ਼ਿਕਾਇਤ ਦੇ ਅਧਾਰ 'ਤੇ ਡਾ: ਗਿੱਲ, ਡਾ: ਐਨ. ਪੀ. ਸ਼ਰਮਾ, ਸਟਾਫ਼ ਨਰਸ ਜਸਵੀਰ ਕੌਰ ਅਤੇ ਕਲਾਸ ਫੋਰ ਨਛੱਤਰ ਕੌਰ ਖਿਲਾਫ਼ ਮੁਕੱਦਮਾ ਨੰਬਰ 100 ਅਧੀਨ ਧਾਰਾ 304 ਏ.ਆਈ.ਪੀ.ਸੀ. ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜਦੋਂ ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ: ਰਾਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਹੁਤ ਮੰਦਭਾਗੀ ਘਟਨਾ ਹੈ ਇਸ ਸਬੰਧੀ ਉਨ੍ਹਾਂ ਤਿੰਨ ਸੀਨੀਅਰ ਡਾਕਟਰਾਂ ਦਾ ਬੋਰਡ ਬਣਾਇਆ ਹੈ, ਜੋ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗਾ ਅਤੇ ਰਿਪੋਰਟ ਆਉਣ 'ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
|
|
News Source :Staffer
|
|
|
ਸੋਨੇ ਦਾ ਡਾਕਾ ਮਾਰਨ ਵਾਲੇ ਪੰਜ ਦੋਸ਼ੀ ਗ੍ਰਿਫ਼ਤਾਰ | |
ਫ਼ਰੀਦਕੋਟ 27 ਅਗਸਤ- ਫ਼ਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੇ 31 ਜੁਲਾਈ ਨੂੰ ਕਸਬਾ ਸਾਦਿਕ ਵਿਚ ਮੁਲਖ ਰਾਜ ਦੇ ਘਰੋਂ ਲੁੱਟੇ ਗਏ ਸੋਨੇ ਅਤੇ ਚਾਂਦੀ ਵਿਚੋਂ ਸਾਢੇ ਪੰਜ ਕਿੱਲੋ ਸੋਨਾ, ਸਾਢੇ ਚਾਰ ਕਿੱਲੋ ਚਾਂਦੀ ਅਤੇ 37 ਹਜ਼ਾਰ ਰੁਪਏ ਨਕਦੀ ਸਮੇਤ ਡਾਕਾ ਮਾਰਨ ਵਾਲ਼ੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ਰੀਦਕੋਟ ਵਿਖੇ ਸ੍ਰੀ ਆਰ. ਪੀ. ਮਿੱਤਲ ਆਈ. ਜੀ. ਪੁਲਿਸ ਨੇ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੋਨਾ ਮੁਲਖ ਰਾਜ ਪਾਸ ਲੋਕਾਂ ਨੇ ਅਮਾਨਤ ਦੇ ਤੌਰ 'ਤੇ ਰੱਖਿਆ ਹੋਇਆ ਸੀ। ਦੱਸਣਯੋਗ ਹੈ ਕਿ ਪਹਿਲਾਂ ਮੁਲਖ ਰਾਜ ਨੇ ਪੁਲਿਸ ਨੂੰ ਢਾਈ ਕਿੱਲੋ ਸੋਨੇ ਦੇ ਗਹਿਣੇ ਅਤੇ 70 ਹਜ਼ਾਰ ਰੁਪਏ ਨਕਦ ਲੁੱਟਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਬਾਅਦ ਵਿਚ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਵਿਚ ਮੁਲਖ ਰਾਜ ਨੇ ਸਾਢੇ ਚਾਰ ਕਿੱਲੋ ਸੋਨਾ ਅਤੇ ਸਾਢੇ ਤਿੰਨ ਕਿੱਲੋ ਚਾਂਦੀ ਚੋਰੀ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਆਈ. ਜੀ. ਪੁਲਿਸ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਅਤੇ ਆਧੁਨਿਕ ਢੰਗ ਨਾਲ ਜ਼ਿਲ੍ਹੇ ਦੇ ਪੁਲਿਸ ਮੁਖੀ ਸ੍ਰੀ ਅਰੁਣ ਕੁਮਾਰ ਮਿੱਤਲ ਦੀ ਨਿਗਰਾਨੀ ਹੇਠ ਸ: ਰਣਦੀਪ ਸਿੰਘ ਮਾਨ ਡੀ. ਐੱਸ. ਪੀ. ਫ਼ਰੀਦਕੋਟ, ਇੰਸਪੈਕਟਰ ਜਸਬੀਰ ਸਿੰਘ ਇੰਚਾਰਜ ਸੀ. ਆਈ. ਏ., ਸਬ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਾਦਿਕ ਅਤੇ ਲਖਵੀਰ ਸਿੰਘ ਇੰਚਾਰਜ ਕੰਪਿਊਟਰ ਅਧਾਰਿਤ ਗਠਿਤ ਟੀਮ ਨੇ ਤਫ਼ਤੀਸ਼ ਕਰਦਿਆਂ ਦੋਸ਼ੀ ਸਵਰਨ ਸਿੰਘ, ਗੁਰਵਿੰਦਰ ਸਿੰਘ ਨੂੰ 18 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਪਾਸੋਂ ਜਾਂਚ ਦੌਰਾਨ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਨੇ ਇਹ ਵਾਰਦਾਤ ਗੁਰਬਚਨ ਸਿੰਘ, ਪ੍ਰਤਾਪ ਸਿੰਘ, ਮਲਕੀਤ ਸਿੰਘ ਅਤੇ ਜੱਸਾ ਸਿੰਘ ਨਾਲ ਮਿਲ ਕੇ ਕੀਤੀ ਹੈ। ਇਨ੍ਹਾਂ ਵਿਚੋਂ ਤਿੰਨ ਦੋਸ਼ੀਆਂ ਗੁਰਬਨ ਸਿੰਘ, ਪ੍ਰਤਾਪ ਸਿੰਘ ਅਤੇ ਮਲਕੀਤ ਸਿੰਘ ਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਇਨ੍ਹਾਂ ਸਾਰੇ ਦੋਸ਼ੀਆਂ ਕੋਲੋਂ ਕੀਤੀ ਗਈ ਪੁੱਛ ਪੜਤਾਲ ਤੋਂ ਲੁੱਟਿਆ ਹੋਇਆ ਸੋਨਾ, ਚਾਂਦੀ ਅਤੇ ਨਕਦੀ ਨੂੰ ਬਰਾਮਦ ਕੀਤਾ ਗਿਆ ਹੈ। ਹੁਣ ਪੁਲਿਸ ਨੂੰ ਇਸ ਮਾਮਲੇ ਵਿਚ ਛੇਵੇਂ ਦੋਸ਼ੀ ਜੱਸਾ ਸਿੰਘ ਦੀ ਤਲਾਸ਼ ਹੈ।
|
|
News Source :Staffer
|
|
|
| | | | Current Page:- 1 Total Pages:- 94 |
|
|
|
|
|
|