ਭਾਰਤ ਵੱਲੋਂ ਚੀਨ ਦੇ ਫ਼ੌਜੀ ਵਫ਼ਦ ਦੀ ਫੇਰੀ ਰੱਦ
|
|
|
ਨਵੀਂ ਦਿੱਲੀ 28 ਅਗਸਤ- ਜੰਮੂ ਅਤੇ ਕਸ਼ਮੀਰ ਨੂੰ ਵਿਵਾਦਗ੍ਰਸਤ ਖੇਤਰ ਮੰਨਦਿਆਂ, ਚੀਨ ਨੇ ਭਾਰਤੀ ਲੈਫਟੀਨੈਂਟ ਜਨਰਲ ਬੀ. ਐਸ. ਜਸਵਾਲ ਨੂੰ ਇਸ ਕਰਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਸ 'ਝਗੜੇ ਵਾਲੇ' ਸੂਬੇ ਦੀ ਸੁਰੱਖਿਆ ਦਾ ਇੰਚਾਰਜ ਹੈ। ਇਸ ਤੋਂ ਨਾਰਾਜ਼ ਭਾਰਤ ਨੇ ਵੀ ਬਦਲੇ 'ਚ ਵਿਵਾਦ ਹੱਲ ਹੋਣ ਤੱਕ ਚੀਨ ਨਾਲ ਸੈਨਿਕ ਅਦਾਨ-ਪ੍ਰਦਾਨ ਰੱਦ ਕਰ ਦਿੱਤਾ ਹੈ। ਨਾਲ ਹੀ ਭਾਰਤ ਨੇ ਚੀਨ ਦੀ ਇਸ ਕਾਰਵਾਈ ਉੱਤੇ ਪ੍ਰਤੀਕਰਮ ਕਰਦਿਆਂ ਬੀਜਿੰਗ ਲਈ ਇਕ ਰੋਸ ਪੱਤਰ ਜਾਰੀ ਕਰ ਦਿੱਤਾ ਹੈ ਅਤੇ ਚੀਨ ਦੇ ਫ਼ੌਜੀ ਵਫ਼ਦ ਦੀ ਆਉਂਦੇ ਕੁਝ ਦਿਨਾਂ ਵਿਚ ਭਾਰਤ ਦੇ ਨੈਸ਼ਨਲ ਡੀਫੈਂਸ ਕਾਲਜ ਵਿਚ ਫੇਰੀ ਨੂੰ ਰੱਦ ਕਰ ਦਿੱਤਾ ਹੈ। ਪਹਿਲਾਂ, ਚੀਨ ਨੇ ਭਾਰਤ ਨੂੰ ਆਖਿਆ ਸੀ ਉਹ ਜਨਰਲ ਜਸਵਾਲ ਨੂੰ ਉਨ੍ਹਾਂ ਦੇ ਦੇਸ਼ ਜਾ ਰਹੇ ਭਾਰਤੀ ਸਰਕਾਰੀ ਵਫ਼ਦ ਵਿਚੋਂ ਕੱਢ ਦਿੱਤਾ ਜਾਵੇ ਪਰ ਭਾਰਤ ਨੇ ਇਸ ਨੂੰ ਅਸਵੀਕਾਰ ਕਰ ਦਿੱਤਾ ਅਤੇ ਭਾਰਤੀ ਫ਼ੌਜ ਦੇ ਅਫ਼ਸਰਾਂ ਦੀ ਪ੍ਰਸਤਾਵਿਤ ਚੀਨ ਫੇਰੀ ਵੀ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਚੀਨ ਨੂੰ ਇਸ ਸਬੰਧ ਵਿਚ ਪੱਤਰ ਵੀ ਲਿਖੇਗਾ ਪਰ ਚੀਨ ਅਤੇ ਭਾਰਤ ਦੇ ਬਹੁਪੱਖੀ ਅਤੇ ਗੁੰਝਲਦਾਰ ਸਬੰਧ ਹਨ। ਜਨਰਲ ਜਸਵਾਲ ਉੱਚ ਪੱਧਰੇ ਭਾਰਤੀ ਫ਼ੌਜੀ ਅਧਿਕਾਰੀਆਂ ਦੇ ਵਫ਼ਦ ਦਾ ਮੈਂਬਰ ਸੀ। ਉਨ੍ਹਾਂ ਨੇ ਦੋਵਾਂ ਮੁਲਕਾਂ ਦੇ ਆਪਸੀ ਫ਼ੌਜੀ ਤਬਾਦਲੇ ਦੀ ਸੰਧੀ ਅਨੁਸਾਰ ਅਗਸਤ ਵਿਚ ਚੀਨ ਜਾਣਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਸ਼ਨੂੰ ਪਰਾਕਾਸ਼ ਨੇ ਕਿਹਾ, 'ਭਾਰਤ ਚੀਨ ਨਾਲ ਫ਼ੌਜੀ ਅਫ਼ਸਰਾਂ ਦੇ ਆਪਸੀ ਤਬਾਦਲਿਆਂ ਨੂੰ ਬਹੁਤ ਮਹੱਤਵ ਦਿੰਦਾ ਹੈ। ਪਰ ਚੀਨ ਨੂੰ ਸਾਡੇ ਕਈ ਸੰਵੇਦਨਸ਼ੀਲ ਪੱਖਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਭਾਰਤੀ ਸਰਕਾਰ ਨੂੰ ਚੀਨ ਦਾ ਰਵੱਈਆ ਬੜਾ ਚਿੜਾਉਣਾ ਲੱਗ ਰਿਹਾ ਹੈ ਕਿਉਂਕਿ ਪਿਛਲੇ ਅਗਸਤ 2009 ਵਿਚ ਲੈਫਟੀਨੈਂਟ ਜਨਰਲ ਵੀ. ਕੇ. ਸਿੰਘ ਜੋ ਹੁਣ ਭਾਰਤੀ ਸੈਨਾ ਦੇ ਮੁਖੀ ਹਨ, ਅਜਿਹੇ ਹੀ ਭਾਰਤੀ ਫ਼ੌਜੀ ਵਫ਼ਦ ਵਿਚ ਚੀਨ ਗਏ ਸਨ। ਚੀਨ ਨੇ ਜਨਰਲ ਸਿੰਘ ਨੂੰ ਨਹੀਂ ਰੋਕਿਆ ਜਦੋਂ ਕਿ ਉਹ ਭਾਰਤੀ ਪੂਰਬੀ ਕਮਾਨ ਦੇ ਇੰਚਾਰਜ ਸਨ ਅਤੇ ਉਨ੍ਹਾਂ ਦੀ ਕਮਾਨ ਹੇਠ ਅਰੁਨਾਚਲ ਪ੍ਰਦੇਸ਼ ਦਾ ਖੇਤਰ ਵੀ ਆਉਂਦਾ ਹੈ ਜਿਸ ਉੱਤੇ ਚੀਨ ਆਪਣੀ ਮਾਲਕੀ ਜਿਤਾਉਂਦਾ ਹੈ। ਇੰਜ ਲਗਦਾ ਹੈ ਕਿ ਚੀਨੀ ਸਰਕਾਰ ਭਾਰਤ ਨੂੰ ਜਾਣ ਬੁੱਝ ਕੇ ਤੰਗ ਕਰਦੀ 'ਸੂਈਆਂ ਚੋਭਦੀ ਹੈ ਕਿਉਂਕਿ ਉਹ ਜੰਮੂ-ਕਸ਼ਮੀਰ ਦੇ ਵਸਨੀਕਾਂ ਦੇ ਪਾਸਪੋਰਟ ਉੱਤੇ ਵੀਜ਼ਾ ਨਹੀਂ 'ਪੇਸਟ ਬਲਕਿ 'ਸਟੈਪਲ' ਕਰ ਦਿੰਦਾ ਹੈ ਜਿਸ ਦਾ ਭਾਰਤ ਨੇ ਕਈ ਵਾਰ ਵਿਰੋਧ ਕੀਤਾ ਕਿਉਂਕਿ ਭਾਰਤ ਸਰਕਾਰ 'ਸਟੇਪਲ' ਕੀਤੇ ਵੀਜ਼ੇ ਨੂੰ ਪ੍ਰਵਾਨਗੀ ਨਹੀਂ ਦਿੰਦੀ ਜਿਸ ਕਰਕੇ ਜੰਮੂ-ਕਸ਼ਮੀਰ ਦੇ ਵਸਨੀਕਾਂ ਨੂੰ ਚੀਨ ਜਾਣਾ ਮੁਸ਼ਕਿਲ ਹੋ ਜਾਂਦਾ। ਕੁਝ ਮਹੀਨੇ ਪਹਿਲਾਂ, ਕੈਨੇਡਾ ਨੇ ਵੀ ਉਨ੍ਹਾਂ ਭਾਰਤੀ ਪੁਲਿਸ ਫ਼ੌਜ ਅਫ਼ਸਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਨ੍ਹਾਂ ਨੇ ਜੰਮੂ-ਕਸ਼ਮੀਰ ਵਿਚ ਨੌਕਰੀ ਕੀਤੀ ਜਾਂ ਕਰਦੇ ਸਨ। ਕੈਨੇਡਾ ਵੀ ਸਮਝਦਾ ਹੈ ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਪਰ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਕਿਹਾ ਇਸ ਘਟਨਾ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ 'ਤੇ ਕੋਈ ਵੱਡਾ ਅਸਰ ਨਹੀਂ ਪਵੇਗਾ। ਚੀਨ ਨਾਲ ਰੱਖਿਆ ਸਬੰਧ ਤੋੜਨ ਤੋਂ ਇਨਕਾਰ ਕਰਦਿਆਂ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਕਿਹਾ ਕਿ ਚੀਨ ਨਾਲ ਰੱਖਿਆ ਸੰਬੰਧ ਤੋੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੈਦਰਾਬਾਦ ਵਿਚ ਮਿਸ਼ਰਾ ਧਾਤੂ ਨਿਗਮ ਲਿਮਟਿਡ ਵਿਚ ਵਿਸਥਾਰ ਪ੍ਰਾਜੈਕਟ ਦਾ ਨੀਂਹ-ਪੱਥਰ ਰੱਖਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਐਂਟਨੀ ਨੇ ਕਿਹਾ ਕਿ ਸਾਡੇ ਚੀਨ ਨਾਲ ਨੇੜਲੇ ਸੰਬੰਧ ਹਨ ਭਾਵੇਂ ਕਦੇ-ਕਦੇ ਸਮੱਸਿਆ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਥੋੜੇ ਸਮੇਂ ਦੀਆਂ ਸਮੱਸਿਆਵਾਂ ਦਾ ਭਾਰਤ ਦੀ ਚੀਨ ਪ੍ਰਤੀ ਸਮੁੱਚੀ ਪਹੁੰਚ 'ਤੇ ਅਸਰ ਨਹੀਂ ਪਵੇਗਾ। ਚੀਨ ਦਾ ਰਾਜਦੂਤ ਤਲਬ-ਭਾਰਤ ਨੇ ਲੈਫਟੀਨੈਟ ਜਨਰਲ ਜਸਵਾਲ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਵਿਰੁੱਧ ਰੋਸ ਜ਼ਾਹਿਰ ਕਰਨ ਲਈ ਨਵੀਂ ਦਿੱਲੀ 'ਚ ਚੀਨ ਦੇ ਰਾਜਦੂਤ ਜ਼ਹਾਂਗ ਜ਼ਾਂਗ ਨੂੰ ਤਲਬ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਵਿਦੇਸ਼ ਮੰਤਰਾਲੇ ਵਿਚ ਜਾਇੰਟ ਸਕੱਤਰ ਗੌਤਮ ਭਾਮਬਾਵਲੇ ਨੇ ਜਾਂਗ ਨਾਲ ਮੀਟਿੰਗ ਸਮੇਂ ਇਹ ਮਾਮਲਾ ਉਠਾਇਆ ਹੈ। ਚੀਨੀ ਕਾਰਵਾਈ ਦੀ ਨਿੰਦਾ-ਚੀਨ ਵਲੋਂ ਲੈਫਟੀਨੈਟ ਜਨਰਲ ਬੀ. ਐਸ. ਜਸਵਾਲ ਵੀਜ਼ਾ ਦੇਣ ਤੋਂ ਇਨਕਾਰ ਕਰਨ ਦੀ ਨਿੰਦਾ ਕਰਦਿਆਂ ਸਿਆਸੀ ਪਾਰਟੀਆਂ ਨੇ ਇਸ ਨੂੰ ਗੈਰਦੋਸਤਾਨਾ ਕਾਰਵਾਈ ਅਤੇ ਭਾਰਤੀ ਦੀ ਬੇਇਜ਼ਤੀ ਕਰਾਰ ਦਿੱਤਾ ਹੈ। ਭਾਜਪਾ ਨੇਤਾਵਾਂ ਰਾਜਨਾਥ ਸਿੰਘ ਅਤੇ ਪ੍ਰਕਾਸ਼ ਜਾਵੇਦਕਰ ਨੇ ਕਿਹਾ ਕਿ ਚੀਨ ਦੀ ਕਾਰਵਾਈ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੀਦਾ ਅਤੇ ਭਾਰਤ ਨੂੰ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਕਾਂਗਰਸ ਦੇ ਬੁਲਾਰੇ ਮੁਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤ ਹਮੇਸ਼ਾ ਇਸ ਗੱਲ 'ਤੇ ਕਾਇਮ ਰਿਹਾ ਕਿ ਉਹ ਚੀਨ ਨਾਲ ਸਬੰਧ ਮਜਬੂਤ ਬਣਾਉਣ 'ਚ ਰੁਚੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਦੀ ਇਕ ਪਾਸੜ ਉਲੰਘਣਾ ਵਿਰੁੱਧ ਦੇਸ਼ ਵਿਚ ਕੋਈ ਪ੍ਰਤੀਕਿਰਿਆ ਹੁੰਦੀ ਹੈ ਤਾਂ ਅਜਿਹਾ ਹੋਣਾ ਕੁਦਰਤੀ ਹੈ ਅਤੇ ਜਾਇਜ਼ ਵੀ ਹੈ।
|
|
News Source :Staffer
|
|
|
ਭਾਰਤ ਨਾਲ ਚੰਗੇ ਸਬੰਧ ਪਾਕਿ ਦੇ ਹਿੱਤ 'ਚ-ਪ੍ਰਧਾਨ ਮੰਤਰੀ
|
|
|
ਨਵੀਂ ਦਿੱਲੀ 28 ਅਗਸਤ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਭਾਵੇਂ ਪਾਕਿਸਤਾਨ ਸਰਕਾਰ ਦੇ ਕੁਝ ਤੱਤਾਂ ਨੇ ਅਫਗਾਨਿਸਤਾਨ ਵਿਚ ਭਾਰਤੀਆਂ 'ਤੇ ਹਮਲਾ ਕਰਵਾਇਆ ਫਿਰ ਵੀ ਪਾਕਿਸਤਾਨ ਨਾਲ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਨਵੀਂ ਦਿੱਲੀ ਵਿਚ ਵਿਸ਼ਵ ਭਰ ਤੋਂ ਆਏ ਭਾਰਤੀ ਰਾਜਦੂਤਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਿਲਾਂ ਅਤੇ ਪਾਕਿਸਤਾਨ ਦੇ ਮਾੜੇ ਰਵੱਈਏ ਦੇ ਬਾਵਜੂਦ ਭਾਰਤ ਨੂੰ ਆਪਣੇ ਗੁਆਂਢੀ ਦੇਸ਼ ਨਾਲ ਗੱਲਬਾਤ ਜਾਰੀ ਰੱਖਣ ਬਾਰੇ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪਾਕਿਸਤਾਨੀ ਸਰਕਾਰ ਦੇ ਕੁਝ ਤੱਤਾਂ ਨੇ ਕਾਬੁਲ 'ਚ ਸਾਡੇ ਦੂਤਘਰ ਸਮੇਤ ਭਾਰਤੀਆਂ 'ਤੇ ਹਮਲਾ ਕਰਵਾਇਆ। ਸਾਰੀਆਂ ਸੱਸਿਆਵਾਂ ਦੇ ਬਾਵਜੂਦ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਪਾਕਿਸਤਾਨੀ ਸੰਸਥਾਵਾਂ, ਬੁੱਧੀਜੀਵੀ ਵਰਗ ਅਤੇ ਆਮ ਵਰਗਾਂ ਤਕ ਪਹੁੰਚ ਕਰਨੀ ਚਾਹੀਦੀ ਹੈ। ਇਸ ਨਾਲ ਪਾਕਿਸਤਾਨ ਦੇਰ ਸਵੇਰ ਮਹਿਸੂਸ ਕਰਨ ਲੱਗੇਗਾ ਕਿ ਭਾਰਤ ਨਾਲ ਚੰਗੇ ਸੰਬੰਧ ਉਸ ਦੇ ਹਿੱਤ ਵਿਚ ਹਨ। ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਅਤੇ ਵਿਦੇਸ਼ ਮੰਤਰੀ ਐਸ. ਐਮ ਕ੍ਰਿਸ਼ਨਾ ਜਿਨ੍ਹਾਂ ਕਾਨਫਰੰਸ ਦਾ ਉਦਘਾਟਨ ਕੀਤਾ ਨੇ ਵੀ ਰਾਜਦੂਤਾਂ ਨੂੰ ਸੰਬੋਧਨ ਕੀਤਾ। ਸ੍ਰੀ ਚਿਦੰਬਰਮ ਨੇ ਪਾਕਿਸਤਾਨ ਦੇ ਸਰਗਰਮ ਅੱਤਵਾਦੀ ਸੰਗਠਨਾਂ ਦੇ ਵੇਰਵੇ ਦੱਸੇ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਵਿਆਪਕ ਕਦਮਾਂ ਬਾਰੇ ਦੱਸਿਆ। ਦੂਸਰੇ ਪਾਸੇ ਸ੍ਰੀ ਕ੍ਰਿਸ਼ਨਾ ਨੇ ਕਿਹਾ ਕਿ ਪਾਕਿਸਤਾਨ ਨੰਵਬਰ 2008 ਦੇ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਜਰੂਰ ਦੇਵੇ ਅਤੇ ਅੱਤਵਾਦੀ ਸੰਗਠਨਾਂ ਨੂੰ ਆਪਣੀ ਜ਼ਮੀਨ ਭਾਰਤ ਵਿਰੁੱਧ ਹਮਲੇ ਕਰਨ ਲਈ ਵਰਤਣ ਦੀ ਇਜਾਜ਼ਤ ਨਾ ਦੇਵੇ। ਭਾਰਤੀ ਰਾਜਦੂਤਾਂ ਦੀ ਤਿੰਨ ਦਿਨਾਂ ਮੀਟਿੰਗ ਦੇਸ਼ ਦੀ ਵਿਦੇਸ਼ ਨੀਤੀ ਅਤੇ ਅਗਲੀ ਕਾਰਵਾਈ ਬਾਰੇ ਫ਼ੈਸਲਾ ਲੈਣ ਲਈ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਵਿਸ਼ਵ ਭਰ ਤੋਂ 119 ਭਾਰਤੀ ਰਾਜਦੂਤ ਹਿੱਸਾ ਲੈ ਰਹੇ ਹਨ। ਭਾਰਤ ਬਾਰੇ ਆਪਣੀ ਕਲਪਨਾ ਦਾ ਖੁਲਾਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਭ ਤੋਂ ਪਹਿਲਾਂ ਕੌਮੀ ਨਿਸ਼ਾਨਾ ਗਰੀਬੀ ਨੂੰ ਖਤਮ ਕਰਨਾ ਅਤੇ ਆਰਥਿਕ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨਾ ਹੈ। ਅਸੀਂ ਅਧੁਨਿਕ ਬੁਨਿਆਦੀ ਢਾਂਚਾ ਉਸਾਰ ਰਹੇ ਹਾਂ ਜਿਹੜਾ ਤੇਜ਼ੀ ਨਾਲ ਵਿਕਾਸ ਕਰ ਰਹੀ ਆਰਥਿਕਤਾ ਦੀ ਚੁਣੌਤੀ ਪ੍ਰਤੀ ਖਰਾ ਉੱਤਰ ਸਕੇ।
|
|
News Source :Staffer
|
|
|
ਪ੍ਰਧਾਨ ਮੰਤਰੀ ਬਣਨ ਦੀ ਰੁਚੀ ਨਹੀਂ-ਰਾਹੁਲ ਗਾਂਧੀ
|
|
|
ਕੁਰੂਕਸ਼ੇਤਰ 28 ਅਗਸਤ- ਐਮ. ਪੀ. ਰਾਹੁਲ ਗਾਂਧੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਆਡੀਟੋਰੀਅਮ 'ਚ ਵਿਦਿਆਰਥੀਆਂ 'ਚ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲੋਕਤਾਂਤ੍ਰਿਕ ਵਿਵਸਥਾ ਬਣਾਈ ਰੱਖਣ 'ਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ, ਤਾਂ ਜੋ ਭਾਰਤ ਦੀ ਲੋਕਤਾਂਤ੍ਰਿਕ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਪ੍ਰਿਥਵੀ ਰਾਜ ਚੌਹਾਨ, ਐਮ.ਪੀ. ਮੀਨਾਕਸ਼ੀ ਨਟਰਾਜਨ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਉਪ ਕੁਲਪਤੀ ਲੈ: ਜਨਰਲ ਡਾ: ਡੀ. ਡੀ.ਐਸ. ਸੰਧੂ ਅਤੇ ਐਨ. ਆਈ.ਟੀ. ਦੇ ਡਾਇਰੈਕਟਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਆਡੀਟੋਰੀਅਮ ਤੋਂ ਬਾਹਰ ਨਿਕਲੇ ਵਿਦਿਆਰਥੀਆਂ ਤੋਂ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੱਜ ਕੁਰੂਕਸ਼ੇਤਰ ਦੀ ਧਰਤੀ ਅਤੇ ਗੀਤਾ ਦੇ ਜਨਮ ਅਸਥਾਨ 'ਤੇ ਆ ਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ 'ਤੇ ਕੇਂਦਰੀ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਲੋਕਤੰਤਰਿਕ ਵਿਵਸਥਾ ਬਣਾਈ ਰੱਖਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਲੋਕਤੰਤਰਿਕ ਵਿਵਸਥਾ ਨੂੰ ਸਹੀ ਰੂਪ ਦੇ ਤੌਰ 'ਤੇ ਲਾਗੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੇ ਸਮਾਰੋਹ 'ਚ ਮੀਡੀਆ ਕਰਮੀਆਂ ਨੂੰ ਤਕਰੀਬਨ 300 ਮੀਟਰ ਦੂਰ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਆਡੀਟੋਰੀਅਮ ਦੇ ਨੇੜੇ ਨਹੀਂ ਫਟਕਣ ਦਿੱਤਾ। ਇਸ ਦੌਰਾਨ ਕੇਵਲ ਤਿੰਨ ਜਾਂ ਚਾਰ ਵਿਦਿਆਰਥੀਆਂ ਨੂੰ ਹੀ ਰਾਹੁਲ ਗਾਂਧੀ ਤੋਂ ਸੁਆਲ ਪੁੱਛਣ ਦਾ ਮੌਕਾ ਮਿਲਿਆ, ਜਦਕਿ ਇਸ ਸਮਾਰੋਹ ਨੂੰ 'ਸਟੂਡੈਂਟਸ ਇੰਟਰ ਐਕਸ਼ਨ' (ਵਿਦਿਆਰਥੀਆਂ ਨਾਲ ਰੁਬਰੂ) ਦਾ ਨਾਂਅ ਦਿੱਤਾ ਗਿਆ। ਵਿਦਿਆਰਥੀਆਂ 'ਚ ਇਸ ਗੱਲ ਦਾ ਰੋਸ ਸੀ ਕਿ ਇਸ ਸਮਾਰੋਹ 'ਚ ਉਹ ਆਪਣੇ ਦਿਲ ਦੀ ਗੱਲ ਨਹੀਂ ਪੁੱਛ ਸਕੇ। ਹਿਸਾਰ-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ 'ਚ ਰੁਚੀ ਨਾ ਦਿਖਾਉਂਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਗੈਰ ਹੀ ਲੋਕਾਂ ਦੀ ਸੇਵਾ ਕਰਨ ਦੇ ਸਮਰੱਥ ਹਨ। ਇਹ ਗੱਲ ਰਾਹੁਲ ਗਾਂਧੀ ਨੇ ਹਰਿਆਣਾ ਦੀ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ 'ਚ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ ਪਰ ਉਨ੍ਹਾਂ ਕਿਹਾ ਕਿ ਮੈਂ ਅਜਿਹਾ ਨਹੀਂ ਸੋਚਦਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਨੋਰਥ ਅਮੀਰ ਅਤੇ ਗਰੀਬ ਵਿਚਲੀ ਖਾਈ ਨੂੰ ਭਰਨਾ ਹੈ।
|
|
News Source :Staffer
|
|
|
ਦਿੱਲੀ ਪੁਲਿਸ ਨੇ 84 ਦੇ ਸਿੱਖ ਦੰਗਿਆਂ ਦੀ ਸਹੀ ਜਾਂਚ ਨਹੀਂ ਕੀਤੀ
|
|
|
ਨਵੀਂ ਦਿੱਲੀ 28 ਅਗਸਤ- ਕੇਂਦਰੀ ਜਾਂਚ ਬਿਊਰੋ ਨੇ ਸੁਪਰੀਮ ਕੋਰਟ 'ਚ ਦੱਸਿਆ ਕਿ ਦਿੱਲੀ ਪੁਲਿਸ ਦੇ ਦੰਗਾ ਵਿਰੋਧੀ ਵਿਸ਼ੇਸ਼ ਦਸਤੇ ਨੇ 1984 ਦੇ ਸਿੱਖ ਦੰਗਿਆਂ ਦੀ ਸਹੀ ਜਾਂਚ ਨਹੀਂ ਕੀਤੀ, ਬਲਕਿ ਕਾਂਗਰਸ ਨੇਤਾ ਸੱਜਣ ਕੁਮਾਰ, ਜੋ ਕਿ ਦੰਗਿਆਂ ਦਾ ਮੁੱਖ ਦੋਸ਼ੀ ਹੈ, ਨੂੰ ਬਚਾਉਣ ਲਈ ਜਾਂਚ ਦਾ ਕੇਵਲ ਢੌਂਗ ਹੀ ਰਚਿਆ ਸੀ। ਸੀ. ਬੀ. ਆਈ. ਨੇ ਆਪਣੇ ਹਲਫ਼ਨਾਮੇ 'ਚ ਅਦਾਲਤ ਨੂੰ ਬੇਨਤੀ ਕੀਤੀ ਕਿ ਅਦਾਲਤ 13 ਅਗਸਤ ਨੂੰ ਜਾਰੀ ਕੀਤਾ ਸਟੇਅ ਰੱਦ ਕਰਕੇ ਸੱਜਣ ਕੁਮਾਰ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇਵੇ। ਜੱਜ ਪੀ. ਸਦਾਸ਼ਿਵਮ ਅਤੇ ਬੀ. ਐਸ. ਚੌਹਾਨ ਦੇ ਡਵੀਜ਼ਨ ਬੈਂਚ ਨੇ ਸੀ. ਬੀ. ਆਈ. ਦਾ ਬਿਆਨ ਲੈ ਕੇ ਮਾਮਲੇ ਦੀ ਅਗਲੀ ਸੁਣਵਾਈ 7 ਸਤੰਬਰ 'ਤੇ ਪਾ ਦਿੱਤੀ ਹੈ, ਜਿਸ ਵਿਚ ਸੱਜਣ ਕੁਮਾਰ 'ਤੇ ਦਿੱਲੀ ਛਾਉਣੀ ਖੇਤਰ 'ਚ ਹੋਏ ਦੰਗੇ, ਜਿਨ੍ਹਾਂ 'ਚ 60 ਵਿਅਕਤੀ ਮਾਰੇ ਗਏ ਸਨ, ਸਬੰਧੀ ਕੇਸ ਚਲਾਉਣ ਦਾ ਫੈਸਲਾ ਹੋ ਜਾਵੇਗਾ। ਸੀ. ਬੀ. ਆਈ. ਨੇ ਦੱਸਿਆ ਕਿ ਪੁਲਿਸ ਨੇ ਇਕ ਐਫ. ਆਈ. ਆਰ. ਦੀਆਂ 24 ਸ਼ਿਕਾਇਤਾਂ ਦੀ ਜਾਂਚ ਕੀਤੀ ਹੈ, ਪਰ ਤੱਥਾਂ ਦੀ ਖੋਜ ਕਿਧਰੇ ਵੀ ਨਹੀਂ ਹੋਈ, ਜਿਸ ਕਾਰਨ ਪੀੜਤਾਂ ਨੂੰ ਨਿਆਂ ਨਹੀਂ ਮਿਲ ਸਕਿਆ। ਇਸ ਤੋਂ ਇਲਾਵਾ ਪੁਲਿਸ ਨੇ ਆਪਣੀ ਸਟੇਟਸ ਰਿਪੋਰਟ 31 ਅਗਸਤ 2008 ਨੂੰ ਉਦੋਂ ਅਦਾਲਤ 'ਚ ਪੇਸ਼ ਕੀਤੀ, ਜਦੋਂ ਸੀ. ਬੀ. ਆਈ. ਆਪਣੀ ਜਾਂਚ ਪੂਰੀ ਕਰ ਚੁੱਕੀ ਸੀ। ਸੀ. ਬੀ. ਆਈ. ਨੇ ਦੋਸ਼ ਲਗਾਇਆ ਕਿ ਸੱਜਣ ਕੁਮਾਰ ਜਾਣ ਬੁੱਝ ਕੇ ਕੇਸ ਲਮਕਾ ਰਿਹਾ ਹੈ ਅਤੇ ਮੌਜੂਦਾ ਪਟੀਸ਼ਨ ਵੀ ਮੁਕੱਦਮੇ ਨੂੰ ਅੱਗੇ ਪਾਉਣ ਦੀ ਇਕ ਚਾਲ ਹੈ। ਸੀ. ਬੀ. ਆਈ. ਨੇ ਕਿਹਾ ਕਿ ਦੋਸ਼-ਪੱਤਰ ਸੱਜਣ ਕੁਮਾਰ ਦੀ ਦੰਗਿਆਂ 'ਚ ਸ਼ਮੂਲੀਅਤ ਦੇ ਦੋਸ਼ਾਂ ਨੂੰ ਸਬੂਤਾਂ ਦੇ ਅਧਾਰ 'ਤੇ ਸਾਬਤ ਕਰੇਗਾ। ਦੱਸਣਯੋਗ ਹੈ ਕਿ ਸਿੱਖ ਦੰਗਿਆਂ 'ਚ ਕਤਲੇਆਮ ਅਤੇ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੱਜਣ ਕੁਮਾਰ ਵਿਰੁੱਧ ਅਦਾਲਤ ਨੇ 13 ਅਗਸਤ ਨੂੰ ਮੁਕੱਦਮੇ ਦੀ ਕਾਰਵਾਈ ਦੋ ਹਫ਼ਤੇ ਲਈ ਰੋਕ ਦਿੱਤੀ ਸੀ, ਕਿਉਂਕਿ ਸੱਜਣ ਕੁਮਾਰ ਨੇ ਮੁਕੱਦਮੇ ਨੂੰ ਚੁਣੌਤੀ ਦਿੱਤੀ ਸੀ। ਸੱਜਣ ਕੁਮਾਰ ਨੇ ਆਪਣੇ ਵਿਰੁੱਧ ਹੋਈਆਂ ਗਵਾਹੀਆਂ ਨੂੰ ਅਵਿਸ਼ਵਾਸਯੋਗ ਦੱਸਿਆ ਸੀ।
|
|
News Source :Staffer
|
|
|
ਮਾਇਆਵਤੀ ਦੇ ਖਿਲਾਫ਼ ਮਿਲੇ ਠੋਸ ਸਬੂਤ
|
|
|
ਨਵੀਂ ਦਿੱਲੀ 28 ਅਗਸਤ- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਸੁਪਰੀਮ ਕੋਰਟ 'ਚ ਸਪੱਸ਼ਟ ਕੀਤਾ ਹੈ ਕਿ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਖਿਲਾਫ ਚੱਲ ਰਹੇ ਆਮਦਨ ਨਾਲੋਂ ਵੱਧ ਸੰਪਤੀ ਬਨਾਉਣ ਦੇ ਕੇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਾਇਆਵਤੀ ਖਿਲਾਫ ਭਰੋਸੇਯੋਗ, ਢੁਕਵੇਂ ਅਤੇ ਸਵੀਕਾਰਨਯੋਗ ਸਬੂਤ ਮਿਲੇ ਹਨ। ਦੱਸਣਯੋਗ ਹੈ ਕਿ ਆਮਦਨ ਕਰ ਕਮਿਸ਼ਨਰ ਨੇ ਮਾਇਆਵਤੀ ਨੂੰ ਕਲੀਨ ਚਿੱਟ ਦਿੱਤੀ ਹੈ ਅਤੇ ਮਾਇਆਵਤੀ ਨੇ ਉਸ ਨੂੰ ਆਧਾਰ ਬਣਾ ਕੇ ਮੁਕੱਦਮਾ ਖਾਰਜ ਕਰਨ ਦੀ ਅਪੀਲ ਅਦਾਲਤ 'ਚ ਕੀਤੀ ਸੀ। ਸੀ. ਬੀ. ਆਈ. ਨੇ ਆਪਣੇ ਹਲਫ਼ਨਾਮੇ 'ਚ ਕਿਹਾ ਕਿ ਸਾਲ 2001-02 ਅਤੇ 2002-03 ਦੀ ਆਮਦਨ ਰਿਟਰਨ ਦੇ ਸਬੰਧ 'ਚ ਆਮਦਨ ਕਰ ਕਮਿਸ਼ਨਰ ਵੱਲੋਂ 5 ਤੇ 19 ਅਪ੍ਰੈਲ 2010 ਨੂੰ ਦਿੱਤੇ ਗਏ ਆਦੇਸ਼ ਨੂੰ ਆਮਦਨ ਕਰ ਵਿਭਾਗ ਨੇ ਹੀ ਆਮਦਨ ਕਰ ਅਪੀਲ ਟ੍ਰਿਬਿਊਨਲ 'ਚ ਚੁਣੌਤੀ ਦਿੱਤੀ ਹੈ ਅਤੇ ਮਾਮਲਾ ਵਿਚਾਰ ਅਧੀਨ ਹੈ।
|
|
News Source :Staffer
|
|
|
ਭਗਵਾਂ ਅੱਤਵਾਦ ਦੇ ਮੁੱਦੇ 'ਤੇ ਰਾਜ ਸਭਾ 'ਚ ਹੰਗਾਮਾ
|
|
|
ਨਵੀਂ ਦਿੱਲੀ 28 ਅਗਸਤ- ਦੂਜੇ ਦਿਨ ਫਿਰ ਭਾਜਪਾ ਅਤੇ ਸ਼ਿਵ ਸੈਨਾ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲੋਂ 'ਭਗਵਾਂ ਅੱਤਵਾਦ' ਦੇ ਖਤਰੇ ਸਬੰਧੀ ਦਿੱਤੇ ਬਿਆਨ ਉੱਤੇ ਰਾਜ ਸਭਾ ਵਿਚ ਰੌਲਾ-ਰੱਪਾ ਸ਼ੁਰੂ ਕਰ ਦਿੱਤਾ ਅਤੇ ਸਦਨ ਦੀ ਕਾਰਵਾਈ ਠੱਪ ਕਰ ਦਿੱਤੀ। ਸਦਨ ਦੀ ਕਾਰਵਾਈ ਨੂੰ ਉਸ ਸਮੇਂ ਵਾਰ-ਵਾਰ ਮੁਅੱਤਲ ਕਰਨਾ ਪਿਆ ਜਦੋਂ ਨਾਹਰੇ ਮਾਰਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਗ੍ਰਹਿ ਮੰਤਰੀ ਜਾਣ-ਬੁੱਝ ਕੇ ਅੱਤਵਾਦ ਨੂੰ ਧਰਮ ਨਾਲ ਜੋੜ ਕੇ ਸਿਆਸੀ ਲਾਹਾ ਲੈਣਾ ਚਾਹੁੰਦਾ ਹੈ। ਰੋਸ ਮੁਜ਼ਾਹਰੇ ਕਰਦੇ ਮੈਂਬਰਾਂ ਨੇ ਇਹ ਵੀ ਕਿਹਾ ਕਿ ਭਗਵਾਂ (ਕੇਸਰੀਆ) ਰੰਗ ਤਾਂ ਦੇਸ਼ ਦੇ ਕੌਮੀ ਝੰਡੇ ਵਿਚ ਵੀ ਹੈ ਜੋ 'ਸ਼ਾਂਤੀ' ਦਾ ਪ੍ਰਤੀਕ ਹੈ ਅਤੇ ਗ੍ਰਹਿ ਮੰਤਰੀ ਨੇ ਇਸ ਰੰਗ ਨਾਲ 'ਅੱਤਵਾਦ' ਨੂੰ ਜੋੜ ਕੇ ਦੇਸ਼ ਨੂੰ ਅਪਮਾਨਿਤ ਕੀਤਾ ਹੈ। ਭਾਜਪਾ ਦੇ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਸ੍ਰੀ ਚਿਦੰਬਰਮ ਨੂੰ ਅਜਿਹੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਕਿਉਂਕਿ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ। ਪਰਸੋਂ, ਉੱਚ ਪੁਲਿਸ ਅਫਸਰਾਂ ਦੀ ਦਿੱਲੀ ਵਿਚ ਹੋ ਰਹੀ ਤਿੰਨ-ਰੋਜ਼ਾ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਪਿਛਲੇ 21 ਮਹੀਨਿਆਂ ਤੋਂ ਦੇਸ਼ ਅੱਤਵਾਦ ਦਾ ਇਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਜੋ ਦੇਸ਼ ਵਿਚ ਹੋਏ ਕਈ ਬੰਬ ਕਾਡਾਂ ਲਈ ਜ਼ਿੰਮੇਵਾਰ ਹੈ। ਸ੍ਰੀ ਚਿਦੰਬਰਮ ਦਾ ਇਸ਼ਾਰਾ ਹਿੰਦੂ ਕੱਟੜਵਾਦੀ ਜਥੇਬੰਦੀਆਂ ਵੱਲ ਸੀ ਜਿਸ ਕਰਕੇ ਭਾਜਪਾ ਅਤੇ ਸ਼ਿਵ ਸੈਨਾ ਦੇ ਮੈਂਬਰ ਇਸ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ। ਇਸੇ ਦੌਰਾਨ ਭਗਵਾਂ ਅੱਤਵਾਦ ਵਧਣ ਬਾਰੇ ਗ੍ਰਹਿ ਮੰਤਰੀ ਪੀ ਚਿਦੰਬਰਮ ਵਲੋਂ ਦਿੱਤੇ ਬਿਆਨ ਤੋਂ ਨਰਾਜ਼ ਕਾਂਗਰਸ ਨੇ ਅੱਜ ਸਪਸ਼ਟ ਕੀਤਾ ਕਿ ਇਸ ਦੇ ਵਿਚਾਰ ਮੁਤਾਬਕ ਅੱਤਵਾਦ ਦਾ ਕੋਈ ਰੰਗ ਨਹੀਂ ਹੁੰਦਾ ਅਤੇ ਅੱਤਵਾਦ ਨੂੰ ਖਤਮ ਕਰਨ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਸੇ ਦੌਰਾਨ ਸੰਸਦ ਦਾ ਮੌਜੂਦਾ ਇਜਲਾਸ ਜੋ ਅੱਜ ਖ਼ਤਮ ਹੋ ਜਾਣਾ ਸੀ, ਦੋ ਦਿਨਾਂ ਲਈ ਵਧਾ ਕੇ 31 ਅਗਸਤ ਤੱਕ ਕਰ ਦਿੱਤਾ ਹੈ।
|
|
News Source :Staffer
|
|
|
ਕਸ਼ਮੀਰ 'ਚ ਵੀ ਘੱਟ-ਗਿਣਤੀਆਂ ਦੀ ਸੁਰੱਖਿਆ ਜ਼ਰੂਰੀ-ਗਿੱਲ
|
|
|
ਜਲੰਧਰ 28 ਅਗਸਤ- ਕੇਂਦਰੀ ਖੇਡ ਮੰਤਰੀ ਸ: ਮਨੋਹਰ ਸਿੰਘ ਗਿੱਲ ਨੇ ਕਿਹਾ ਹੈ ਕਿ ਜਿਵੇਂ ਦੇਸ਼ ਭਰ ਵਿਚ ਘੱਟ-ਗਿਣਤੀਆਂ ਦੇ ਹੱਕ ਅਤੇ ਉਨ੍ਹਾਂ ਦੀ ਸੁਰੱਖਿਆ ਕੀਤੇ ਜਾਣ ਦੀ ਲੋੜ ਹੈ ਉਵੇਂ ਹੀ ਕਸ਼ਮੀਰ ਵਿਚ ਵੱਸਦੀਆਂ ਘੱਟ-ਗਿਣਤੀਆਂ ਦੀ ਸੁਰੱਖਿਆ ਦੀ ਵੀ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਚਿੰਤਾ ਹੋਣੀ ਚਾਹੀਦੀ ਹੈ। ਸ: ਮਨੋਹਰ ਸਿੰਘ ਗਿੱਲ ਨੇ ਕਿਹਾ ਕਿ ਕਸ਼ਮੀਰ ਵਿਚੋਂ ਪੰਡਿਤਾਂ ਦੀ ਹਿਜ਼ਰਤ ਤੋਂ ਬਾਅਦ ਜੇ ਸਿੱਖਾਂ ਦੇ ਵੀ ਹਿਜ਼ਰਤ ਕਰਨ ਦੀ ਨੌਬਤ ਆ ਗਈ ਤਾਂ ਕਸ਼ਮੀਰ ਵਿਚੋਂ ਹਿੰਦੋਸਤਾਨ ਦੇ ਪੈਰ ਉੱਖੜ ਜਾਣਗੇ। ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਸਿੱਖਾਂ ਦੇ ਵਫ਼ਦ ਆ ਕੇ ਉਨ੍ਹਾਂ ਨੂੰ ਮਿਲਦੇ ਰਹੇ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸਖ਼ਤ ਚੁਣੌਤੀ ਅਤੇ ਖ਼ਤਰਿਆਂ ਦੇ ਬਾਵਜੂਦ ਸਿੱਖ ਹੌਂਸਲੇ ਨਾਲ ਵਾਦੀ ਵਿਚ ਟਿਕੇ ਰਹੇ ਹਨ ਅਤੇ ਇਹ ਉਨ੍ਹਾਂ ਦਾ ਹੱਕ ਹੈ ਕਿ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਹੋਵੇ। ਡਾ: ਗਿੱਲ ਨੇ ਕਿਹਾ ਕਿ ਕਸ਼ਮੀਰ ਵਿਚ ਧਮਕੀਆਂ ਦਾ ਸਾਹਮਣਾ ਕਰ ਰਹੇ ਸਿੱਖਾਂ ਨੂੰ ਕੇਵਲ ਬਿਆਨਾਂ ਦੀ ਨਹੀਂ ਸਗੋਂ ਰਾਜ ਸਰਕਾਰ ਵੱਲੋਂ ਵਿਹਾਰਕ ਤੌਰ 'ਤੇ ਸੁਰੱਖਿਆ ਦੀ ਲੋੜ ਹੈ ਜਿਸ ਵੱਲ ਤੁਰੰਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੂੰ ਵੀ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਫ਼ੌਰੀ ਤੌਰ 'ਤੇ ਕਰਨ ਦੀ ਮੰਗ ਕੀਤੀ ਹੈ।
|
|
News Source :Staffer
|
|
|
ਕਸ਼ਮੀਰ 'ਚ ਤਾਜ਼ਾ ਝੜਪਾਂ 'ਚ 45 ਜ਼ਖ਼ਮੀ
|
|
|
ਸ੍ਰੀਨਗਰ 28 ਅਗਸਤ- ਕਸ਼ਮੀਰ ਵਾਦੀ 'ਚ ਸੁਰੱਖਿਆ ਬਲਾਂ ਅਤੇ ਭੀੜ ਵਿਚਾਲੇ ਹੋਈਆਂ ਝੜਪਾਂ 'ਚ 45 ਵਿਅਕਤੀ ਜ਼ਖਮੀ ਹੋ ਗਏ। ਅੱਜ ਵੱਖਵਾਦੀਆਂ ਵੱਲੋਂ ਮੁਜ਼ਾਹਰਿਆਂ ਦੇ ਸੱਦੇ ਵਿਚ ਦਿੱਤੀ ਢਿੱਲ ਪਿੱਛੋਂ ਕੁਪਵਾੜਾ ਨੂੰ ਛੱਡ ਕੇ ਸਮੁੱਚੀ ਕਸ਼ਮੀਰ ਵਾਦੀ ਚੋਂ ਕਰਫਿਊ ਚੁੱਕ ਲਿਆ ਹੈ। ਪੁਲਿਸ ਨੇ ਦੱਸਿਆ ਕਿ ਸ੍ਰੀਨਗਰ ਅਤੇ ਵਾਦੀ ਵਿਚ ਹੋਰਨੀਂ ਥਾਈਂ ਵਿਦਿਅਕ ਸੰਸਥਾਵਾਂ, ਬੈਂਕਾਂ ਦੁਕਾਨਾਂ ਅਤੇ ਦਫ਼ਤਰ ਖੁਲ੍ਹ ਗਏ ਹਨ ਅਤੇ ਸੜਕਾਂ 'ਤੇ ਮੋਟਰ ਗੱਡੀਆਂ ਦੀ ਆਵਾਜਾਈ ਆਮ ਵਾਂਗ ਹੈ। ਉਨ੍ਹਾਂ ਕਿਹਾ ਕਿ ਕੁਪਵਾੜਾ, ਤ੍ਰੇਹਗਾਮ, ਹੰਦਵਾੜਾ, ਚਿੰਕੀਪੋਰਾ ਅਤੇ ਕੁਲਨਗਾਮ ਵਿਚ ਇਹਤਿਆਤ ਵਜੋਂ ਕਰਫਿਊ ਲਾਇਆ ਗਿਆ ਹੈ ਕਿਉਂਕਿ ਅਧਿਕਾਰੀਆਂ ਨੂੰ ਜ਼ੁੰਮੇ ਦੀ ਨਮਾਜ਼ ਦੌਰਾਨ ਇਨ੍ਹਾਂ ਕਸਬਿਆਂ 'ਚ ਸ਼ਾਂਤੀ ਭੰਗ ਹੋਣ ਦਾ ਡਰ ਹੈ। ਸ੍ਰੀਨਗਰ ਦੇ ਜ਼ਿਲ੍ਹਾ ਮਜਿਸਟਰੇਟ ਮਹਿਰਾਜ ਅਹਿਮਦ ਕੱਕਰੂ ਨੇ ਕਿਹਾ ਕਿ ਜ਼ਿਲ੍ਹੇ ਦਾ ਸਾਰੇ ਭਾਗਾਂ ਚੋਂ ਕਰਫਿਊ ਚੁੱਕ ਲਿਆ ਹੈ। ਸ਼ਹਿਰ ਦੇ ਕਈ ਇਲਾਕਿਆਂ 'ਚ 25 ਅਗਸਤ ਨੂੰ ਲਾਇਆ ਕਰਫਿਊ ਚੁੱਕ ਲਿਆ ਹੈ।
|
|
News Source :Staffer
|
|
|
ਜੰਮੂ-ਕਸ਼ਮੀਰ ਦੀ ਅਸ਼ਾਂਤ ਸਥਿਤੀ ਚਿੰਤਾ ਦਾ ਵਿਸ਼ਾ-ਪ੍ਰਧਾਨ ਮੰਤਰੀ
|
|
|
ਨਵੀਂ ਦਿੱਲੀ 27 ਅਗਸਤ- ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਜਨਤਾ ਦੇ ਪੱਧਰ ਉੱਤੇ ਵਿਗੜੇ ਹਾਲਾਤ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਖਾੜਕੂ ਕਰਵਾਈਆਂ ਨੂੰ ਨਿਯੰਤਰਣ ਵਿਚ ਲਿਆਉਣ ਦੇ ਬਾਵਜੂਦ ਸੂਬੇ ਵਿਚ ਸ਼ਾਂਤੀ ਸਥਾਪਤ ਨਹੀਂ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਪੁਲਿਸ ਦੇ ਡਾਇਰੈਕਟਰ ਜਨਰਲਾਂ ਅਤੇ ਇੰਸਪੈਕਟਰ ਜਨਰਲਾਂ ਦੀ 45ਵੀਂ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਕੋਈ ਭੀੜ ਉਤੇ ਕਾਬੂ ਪਾਉਣ ਲਈ ਅਜਿਹੇ ਤੌਰ-ਤਰੀਕਿਆਂ ਨੂੰ ਈਜ਼ਾਦ ਕਰਨਾ ਹੋਵੇਗਾ ਜਿਨ੍ਹਾਂ ਨਾਲ ਭੜਕੀ ਜਨਤਾ ਨੂੰ ਕੰਟਰੋਲ ਵੀ ਕਰ ਲਿਆ ਜਾਵੇ ਅਤੇ ਕਿਸੇ ਦਾ ਜਾਨੀ ਨੁਕਸਾਨ ਵੀ ਨਾ ਹੋਵੇ।' ਪੁਲਿਸ ਦੇ ਇਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਸਿੱਧਾ ਸਵਾਲ ਕਰਦਿਆਂ ਡਾ: ਮਨਮੋਹਨ ਸਿੰਘ ਨੇ ਕਿਹਾ, 'ਸਾਨੂੰ ਹਮੇਸ਼ਾ (ਭੀੜ ਨੂੰ ਕਾਬੂ ਕਰਨ ਲਈ) ਇਕੋ ਹੀ ਤਰੀਕਾ ਜਾਂ ਪਹੁੰਚ ਨਹੀਂ ਅਪਨਾਉਣੀ ਚਾਹੀਦੀ ਕਿਉਂਕਿ 'ਇਕ ਮੇਚਾ (ਸਾਇਜ਼) ਸਾਰਿਆਂ ਨੂੰ ਪੂਰਾ ਨਹੀਂ ਆਉਂਦਾ।' ਪ੍ਰਧਾਨ ਮੰਤਰੀ, ਕਸ਼ਮੀਰ ਘਾਟੀਂ ਵਿਚ ਜੂਨ ਤੋਂ ਸ਼ੁਰੂ ਹੋਈਆਂ ਉਨ੍ਹਾਂ ਘਟਨਾਵਾਂ ਵੱਲ ਸੰਕੇਤ ਕਰ ਰਹੇ ਸਨ ਜਿੱਥੇ ਪਥਰਾਅ ਕਰਦੀ ਸਾਧਾਰਨ ਲੋਕਾਂ ਦੀ ਭੀੜ ਨੂੰ ਖਿੰਡਾਉਣ ਲਈ ਪੁਲਿਸ ਅਤੇ ਸੁਰੱਖਿਆ ਦਸਤੇ ਅੱਗੋਂ ਗੋਲੀ ਚਲਾਉਂਦੇ ਰਹੇ ਜਿਸ ਨਾਲ। ਪਿਛਲੇ 9-10 ਹਫ਼ਤਿਆਂ ਵਿਚ 63 ਆਮ ਲੋਕ ਮਾਰੇ ਗਏ। ਇਸੇ ਪ੍ਰਸੰਗ ਵਿਚ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਸ-ਮੁਜ਼ਾਹਰੇ ਕਰਦੀ ਆਮ ਲੋਕਾਂ ਦੀ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਸਾਨੂੰ ਚੰਗੇ ਤਰੀਕੇ ਲੱਭਣੇ ਪੈਣਗੇ ਜਿਨ੍ਹਾਂ ਨਾਲ ਮੰਤਵ ਵੀ ਪੂਰਾ ਹੋ ਜਾਵੇ ਅਤੇ ਮੁਜ਼ਾਹਰੇਕਾਰੀਆਂ ਦੀ ਮੌਤ ਵੀ ਨਾ ਹੋਵੇ।
|
|
News Source :Staffer
|
|
|
ਭਗਵੇਂ ਅੱਤਵਾਦ ਦੇ ਮਸਲੇ ਉੱਤੇ ਸੰਸਦ 'ਚ ਰੌਲਾ-ਰੱਪਾ
|
|
|
ਨਵੀਂ ਦਿੱਲੀ 27 ਅਗਸਤ- ਰਾਜ ਸਭਾ ਦੀ ਕਾਰਵਾਈ ਥੋੜ੍ਹੇ ਸਮੇਂ ਲਈ ਠੱਪ ਹੋ ਗਈ ਅਤੇ ਸਦਨ ਵਿਚ ਖੂਬ ਰੌਲਾ-ਰੱਪਾ ਖੜ੍ਹਾ ਹੋ ਗਿਆ, ਜਦੋਂ ਰਾਮ ਵਿਲਾਸ ਪਾਸਵਾਨ ਨੇ ਚੇਅਰਮੈਨ ਨੂੰ ਕਿਹਾ ਕਿ 'ਪ੍ਰਸ਼ਨਕਾਲ' ਮੁਅੱਤਲ ਕਰਕੇ ਭਗਵਾਂ (ਕੇਸਰੀਆ) ਅੱਤਵਾਦ ਉੱਤੇ ਚਰਚਾ ਕਰਵਾਈ ਜਾਵੇ। ਸ੍ਰੀ ਪਾਸਵਾਨ ਸਦਨ ਦੇ ਜੁੜ੍ਹਦੇ ਹੀ ਖੜ੍ਹੇ ਹੋ ਕੇ ਕਹਿਣ ਲੱਗੇ ਕਿ ਉਸ ਦੇ ਚਰਚਾ ਕਰਵਾਉਣ 'ਨੋਟਿਸ' 'ਤੇ ਫੈਸਲਾ ਪਹਿਲਾਂ ਕੀਤਾ ਜਾਵੇ, ਕਿਉਂਕਿ ਗ੍ਰਹਿ ਮੰਤਰੀ ਸ੍ਰੀ ਚਿਦੰਬਰਮ ਨੇ ਕੱਲ੍ਹ ਬੜੀ ਚਿੰਤਾ ਜ਼ਾਹਰ ਕੀਤੀ ਹੈ ਕਿ ਦੇਸ਼ ਵਿਚ ਭਗਵਾਂ ਅੱਤਵਾਦ ਵਧ ਰਿਹਾ ਹੈ ਅਤੇ ਕਈ ਬੰਬ ਧਮਾਕਿਆਂ ਪਿੱਛੇ ਭਗਵੇਂ ਅੱਤਵਾਦੀ ਹਨ। ਪਾਸਵਾਨ ਦੇ ਵਿਰੋਧ ਵਿਚ ਭਾਜਪਾ ਦੇ ਮੈਂਬਰ ਇਕਦਮ ਪੱਬਾਂ ਭਾਰ ਹੋ ਗਏ ਅਤੇ ਉਨ੍ਹਾਂ ਦੋਸ਼ ਲਾਇਆ ਕਿ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਹੋਣ ਕਰਕੇ, ਉਹ 'ਸਸਤੀ ਘਟੀਆ ਸਿਆਸਤ' ਕਰ ਰਿਹਾ ਹੈ। ਚੇਅਰਮੈਨ ਹਮੀਦ ਅੰਸਾਰੀ ਨੇ ਪਾਸਵਾਨ ਦੀ ਮੰਗ ਨਾ ਮੰਨ ਕੇ ਸਦਨ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ। ਇੰਨੇ ਵਿਚ ਪਾਸਵਾਨ ਦੀ ਮਦਦ ਵਿਚ ਰਾਸ਼ਟਰੀ ਜਨਤਾ ਦਲ ਦੇ ਮੈਂਬਰ ਖੜ੍ਹੇ ਹੋ ਗਏ ਅਤੇ ਉਨ੍ਹਾਂ ਦੀ ਭਾਜਪਾ ਮੈਂਬਰਾਂ ਨਾਲ 'ਤੂੰ ਤੂੰ ਮੈਂ-ਮੈਂ' ਹੋਈ ਅਤੇ ਕਾਰਵਾਈ ਕੁਝ ਚਿਰ ਲਈ ਠੱਪ ਹੋ ਗਈ।
|
|
News Source :Staffer
|
|
|