ਦੁਨੀਆਂ ਦੀ ਸੱਭ ਤੋਂ ਵੱਡੀ ਗੁਫ਼ਾ ਮਿਲੀ | |
ਲੰਦਨ, 2 ਮਈ- ਬ੍ਰਿਟਿਸ਼ ਖੋਜਕਰਾਤਵਾਂ ਨੇ ਵੀਅਤਨਾਮ ਦੇ ਜੰਗਲ ਵਿਚ ਵਿਸ਼ਵ ਦੀ ਸੱਭ ਤੋਂ ਵੱਡੀ ਗੁਫ਼ਾ ਖੋਜਣ ਦਾ ਦਾਅਵਾ ਕੀਤਾ ਹੈ। ਇਹ ਗੁਫ਼ਾ 650 ਫੁੱਟ ਉਚੀ ਤੇ 500 ਫੁੱਟ ਚੌੜੀ ਹੈ। ਇੰਨ੍ਹਾਂ ਖੋਜਕਰਤਾਵਾਂ ਅਨੁਸਾਰ ਵੀਅਤਨਾਮ ਵਿਚ ਖੋਜੀ ਗਈ ਹਾਂਗ ਸੋਨ ਗੁਫ਼ਾ ਮਲੇਸ਼ੀਆ ਦੀ ਪੀਰ ਗੁਫਾ ਤੋਂ ਵੀ ਵੱਡੀ ਹੈ। ਪੀਰ ਗੁਫ਼ਾ 90 ਮੀਟਰ ਚੌੜੀ ਤੇ 100 ਮੀਟਰ ਤੋਂ ਵੱਧ ਉਚੀ ਹੈ। ਇਸ ਦੀ ਪਛਾਣ ਹੁਣ ਤਕ ਦੁਨੀਆਂ ਦੀ ਸੱਭ ਤੋਂ ਵੱਡੀ ਗੁਫਾ ਦੇ ਰੂਪ ਵਿਚ ਕੀਤੀ ਗਈ ਹੈ। ਖੋਜਕਰਤਾਵਾਂ ਨੇ ਦਸਿਆ ਕਿ ਇਹ ਇਕ ਹੈਰਾਨੀਜਨਕ ਖੋਜ ਹੈ। ਇਸ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਸ ਦਾ ਮੁੱਖ ਮਾਰਗ 200 ਮੀਟਰ ਉਚਾ ਹੈ। ਗੁਫ਼ਾ ਦਾ ਰਸਤਾ ਸੌ ਮੀਟਰ ਤੋਂ ਵੀ ਵੱਧ ਚੌੜਾ ਹੈ ਪਰ ਇਸ ਦਾ ਕੁੱਝ ਹਿਸਾ 150 ਮੀਟਰ ਤੋਂ ਵੀ ਵੱਧ ਚੌੜਾ ਹੈ। ਖੋਜਕਰਤਾਵਾਂ ਨੇ ਹਨਾਈ ਯੂਨੀਵਰਸਿਟੀ ਦੀ ਮਦਦ ਨਾਲ ਅਪ੍ਰੈਲ ਦੇ ਅੱਧ ਵਿਚ ਇਸ ਗੁਫਾ ਦਾ ਪਤਾ ਲਗਾਇਆ। ਖੋਜੀ ਦਲ ਜੰਗਲ ਦੇ ਰਸਤੇ ਛੇ ਘੰਟੇ ਤਕ ਪੈਦਲ ਚਲ ਕੇ ਗੁਫ਼ਾ ਤਕ ਪੁਜਿਆ। ਗੁਫ਼ਾ ਤਕ ਪਹੁੰਚਣ ਲਈ ਉਨ੍ਹਾਂ ਨੂੰ ਦੋ ਨਦੀਆਂ ਨੂੰ ਪਾਰ ਕਰਨਾ ਪਿਆ। ਖੋਜ ਪਾਰਟੀ ਦੇ ਮੈਂਬਰ ਸਿਪਲਨੇ ਨੇ ਕਿਹਾ ਕਿ 1991 ਵਿਚ ਸਥਾਨਕ ਵਾਸੀ ਹੋ ਨੂੰ ਪਹਿਲੀ ਵਾਰ ਇਸ ਗੁਫ਼ਾ ਦੇ ਬੂਹੇ ਦਾ ਪਤਾ ਲਗਿਆ ਸੀ। ਇਸ ਤੋਂ ਪਹਿਲਾਂ ਵੀ ਉਹ ਗੁਫ਼ਾ ਖੋਜਣ ਦੀ ਮੁਹਿੰਮ ਵਿਚ ਗਾਈਡ ਦੀ ਭੂਮਿਕਾ ਨਿਭਾਅ ਚੁਕਿਆ ਹੈ। ਪਰ ਇਸ ਵਾਰ ਉਹ ਖੋਜਕਰਤਾਵਾਂ ਨੂੰ ਉਸ ਥਾਂ 'ਤੇ ਲੈ ਗਿਆ, ਜਿਥੇ ਇਸ ਤੋਂ ਪਹਿਲਾਂ ਕੋਈ ਨਹੀਂ ਗਿਆ ਸੀ।
|
|
ਇੰਟਰਨੈਟ ਤੋਂ ਆਦੀ ਲੋਕਾਂ ਲਈ ਵਿਸ਼ੇਸ ਥੈਰੇਪੀ | |
ਪੇਈਚਿੰਗ 12 ਨਵੰਬਰ- ਇੰਟਰਨੈਟ ਦੇ ਆਦੀ ਲੋਕਾਂ ਲਈ ਚੀਨ ਦੇ ਹਸਪਤਾਲਾਂ 'ਚ ਵਿਸ਼ੇਸ ਸੁਵਿਧਾ ਇਕਾਈਆਂ ਖੁਲ੍ਹਣਗੀਆਂ। ਹਾਲ ਹੀ 'ਚ ਇੱਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਚੀਨ 'ਚ 42 ਪ੍ਰਤਿਸ਼ਤ ਨੌਜਵਾਨ ਇੰਟਰਨੈਟ ਦੇ ਆਦੀ ਹਨ। ਇਸ ਤਰ੍ਹਾਂ ਨਾਲ ਚੀਨ ਇੰਟਰਨੈਟ ਦੀ ਆਦਤ ਨੂੰ ਅਧਿਕਾਰਕ ਰੂਪ ਨਾਲ ਕਲੀਨਿਕਲ ਬੀਮਾਰੀ ਦੇ ਰੂਪ 'ਚ ਪੁਸ਼ਟੀ ਕਰਨ ਵਾਲਾ ਪਹਿਲਾ ਦੇਸ਼ ਬਨਣ ਜਾ ਰਿਹਾ ਹੈ। ਚੀਨ 'ਚ ਨੌਜਵਾਨ ਅਪਣਾ ਜ਼ਿਆਦਾਤਰ ਸਮਾਂ ਨੈਟ 'ਤੇ ਚੈਟਰੂਮ, ਬਲਾਗਿੰਗ ਅਤੇ ਆਨਲਾਈਨ ਗੇਮ ਖੇਡਣ 'ਚ ਬਿਤਾਉਂਦੇ ਹਨ। ਪੇਈਚਿੰਗ ਦੇ ਮਿਲਟਰੀ ਜਨਰਲ ਹਸਪਤਾਲ ਦੇ ਮਾਹਿਰ ਥਾਓ ਰਾਨ ਨੇ ਕਿਹਾ ਹੈ ਕਿ ਚੀਨੀ ਹਸਪਤਾਲ ਇੰਟਰਨੈਟ ਦੇ ਆਦੀ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ ਇਕਾਈਆਂ ਸਥਾਪਿਤ ਕਰਨਗੇ। ਇੱਕ ਨਵੇਂ ਸਰਵੇ 'ਚ ਕਿਹਾ ਗਿਆ ਹੈ ਕਿ ਚੀਨ 'ਚ 40 ਲੱਖ ਤੋਂ ਜ਼ਿਆਦਾ ਕਿਸ਼ੋਰ ਹਰ ਦਿਨ ਛੇ ਤੋਂ ਜ਼ਿਆਦਾ ਘੰਟੇ ਨੈਟ 'ਤੇ ਬਿਤਾਉਂਦੇ ਹਨ।ਥਾਓ ਨੇ ਕਿਹਾ ਹੈ ਕਿ ਇੰਟਰਨੈਟ ਦੇ 80 ਪ੍ਰਤਿਸ਼ਤ ਆਦੀ ਮਰੀਜ਼ਾਂ ਦਾ ਇਲਾਜ ਹੋ ਸਕਦਾ ਹੈ, ਇਸ 'ਚ ਸਮਾ ਤਿੰਨ ਮਹੀਨੇ ਦਾ ਸਮਾਂ ਲੱਗਦਾ ਹੈ।
|
|
ਜੇਬ 'ਚ ਰੱਖਣ ਵਾਲਾ ਟੀ.ਵੀ ਅਇਆ | |
ਨਵੀਂ ਦਿੱਲੀ 12 ਨਵੰਬਰ- ਵਿਗਿਆਨ ਦੀ ਦੁਨੀਆਂ 'ਚ ਨਿੱਤ ਨਵੇਂ ਚਮਤਕਾਰ ਹੋ ਰਹੇ ਹਨ ਹੁਣ ਵਿਗਿਆਨੀਆਂ ਨੇ ਇਕ ਅਜਿਹੀ ਟੀ.ਵੀ. ਸਕਰੀਨ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ ਜਿਹੜੀ ਕਾਗਜ਼ ਜਿੰਨੀ ਪਤਲੀ ਅਤੇ ਇੰਨੀ ਕੋਮਲ ਹੈ ਕਿ ਇਸ ਨੂੰ ਤੁਸੀਂ ਆਰਾਮ ਨਾਲ ਤਹਿ ਕਰ ਕੇ ਜੇਬ 'ਚ ਰੱਖ ਸਕਦੇ ਹੋ। ਹੈਰਾਨ ਕਰ ਦੇਣ ਵਾਲੇ ਇਸ ਟੀ.ਵੀ. ਸਕਰੀਨ ਨੂੰ ਜਪਾਨੀ ਕੰਪਨੀ ਸੋਨੀ ਇਲੈਕਟਰੋਨਿਕ ਦੇ ਮਾਹਰਾਂ ਨੇ ਮਿਲ ਕੇ ਤਿਆਰ ਕੀਤਾ ਹੈ। ਇਹ ਇਕ ਮਿਲੀਮੀਟਰ ਤੋਂ ਵੀ ਘੱਟ ਪਤਲੀ ਅਤੇ ਪਾਰਦਰਸ਼ੀ ਹੈ। ਇਸ ਟੀ.ਵੀ. ਦੇ ਚਾਰੇ ਪਾਸਿਆਂ ਤੋਂ ਇਕੋ ਜਿਹੀ ਤਸਵੀਰ ਨਜ਼ਰ ਆਏਗੀ। ਮਾਹਰਾਂ ਨੇ ਦੱਸਿਆ ਕਿ ਅਨੋਖੀ ਚਮਕ ਵਾਲੇ ਇਸ ਟੀ.ਵੀ ਨੂੰ ਲੋੜ ਮੁਤਾਬਕ ਵੱਡਾ ਵੀ ਕੀਤਾ ਜਾ ਸਕਦਾ ਹੈ। ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਨੂੰ ਚਲਾਉਣ ਲਈ ਬਹੁਤ ਘੱਟ ਊਰਜਾ ਦੀ ਲੋੜ ਹੁੰਦੀ ਹੈ। ਇਸ ਲਈ ਮੋਬਾਇਲ ਫ਼ੋਨ ਤੇ ਲੈਪਟਾਪ 'ਤੇ ਲੱਗਣ ਵਾਲੀਆਂ ਬੈਟਰੀਆਂ ਵੀ ਇਸ 'ਚ ਲੰਬਾ ਸਮਾਂ ਕੰਮ ਕਰ ਸਕਣਗੀਆਂ। ਹੁਣ ਤੁਹਾਨੂੰ ਟੀ.ਵੀ ਰੱਖਣ ਲਈ ਟੀ.ਵੀ. ਟਰਾਲੀ ਜਾਂ ਕਿਸੇ ਕੈਬਨਿਟ ਦੀ ਲੋੜ ਨਹੀਂ ਪਵੇਗੀ ਤੁਸੀਂ ਇਸ ਨੂੰ ਨਾ ਸਿਰਫ਼ ਇਕ ਅਖ਼ਬਾਰ ਵਾਂਗ ਤਹਿ ਕਰ ਕੇ ਮੇਜ਼ ਤੇ ਰੱਖ ਸਕੋਗੇ ਬਲਕਿ ਕੈਲੰਡਰ ਵਾਂਗ ਕੰਧ 'ਤੇ ਵੀ ਟੰਗ ਸਕੋਗੇ ਜਾਂ ਟੀ. ਸ਼ਰਟ ਵਾਂਗ ਪਹਿਨ ਸਕੋਗੇ।
|
|
ਆਮ ਫੋਟੋ ਨੂੰ ਨਿਖਾਰਨ ਵਾਲੀ ਮਸ਼ੀਨ ਤਿਆਰ | |
ਵਾਸ਼ਿੰਗਟਨ 9 ਨਵੰਬਰ- ਖੋਜਕਾਰਾਂ ਨੇ ਇਕ ਅਜਿਹੀ ਮਸ਼ੀਨ ਬਣਾਉਣ ਦਾਅਵਾ ਕੀਤਾ ਹੈ, ਜੋ ਸਿਰਫ ਇਕ ਬਟਨ ਦਬਾਉਣ ਨਾਲ ਕਿਸੇ ਵੀ ਸਧਾਰਨ ਚਿਹਰੇ ਦੀ ਤਸਵੀਰ ਨੂੰ ਖੂਬਸੂਰਤ ਮਾਡਲ ਦਾ ਰੂਪ ਦੇ ਦੇਵੇਗੀ। ਉਨ੍ਹਾਂ ਨੇ ਇਸ ਮਸ਼ੀਨ ਦਾ ਨਾਮ ਬਿਊਟੀ ਮਸ਼ੀਨ ਰੱਖਿਆ ਹੈ। ਬਹੁਤੇ ਲੋਕ ਸੋਚਦੇ ਹਨ ਕਿ ਖੂਬਸੂਰਤੀ ਦੇਖਣ ਵਾਲੇ ਦੀਆਂ ਅੱਖਾਂ ਵਿਚ ਹੁੰਦੀ ਹੈ ਪਰ ਸੱਚ ਅਸਲ ਵਿਚ ਕੁਝ ਹੋਰ ਹੈ। ਕੰਪਿਊਟਰਾਂ ਦੀ ਮਦਦ ਨਾਲ ਸੁੰਦਰਤਾ ਨੂੰ ਵਾਸਤੂ ਰੂਪ ਦਿੱਤਾ ਜਾ ਸਕਦਾ ਹੈ ਤੇ ਇਹ ਨੂੰ ਕਿਤਾਬ ਦੇ ਫਾਸਲੇ ਜਾਂ ਅਨੁਪਾਤ ਫਾਰਮੂਲਿਆਂ ਦੀ ਮਦਦ ਨਾਲ ਬਦਲਿਆ ਜਾ ਸਕਦਾ ਹੈ। ਇਹੀ ਇਸ ਬਿਊਟੀ ਮਸ਼ੀਨ ਦਾ ਆਧਾਰ ਹੈ। ਤਲ ਅਵੀਵ ਯੂਨੀਵਰਸਿਟੀ ਦੇ ਬਲਾਵਾਤਨਿਕ ਸਕੂਲ ਆਫ ਕੰਪਿਊਟਰ ਸਾਇੰਸਿਜ਼ ਦੇ ਮੋਹਰੀ ਖੋਜਕਾਰਾਂ ਪ੍ਰੋ. ਡੇਨੀਅਲ ਕੋਹਨੇ ਓਰ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਐਨ ਦੌਰਾਨ 25 ਤੋਂ 40 ਸਾਲ ਦੀ ਉਮਰ ਦੇ ਇਸਰਾਈਲੀ ਤੇ ਜਰਮਨ ਔਰਤ ਮਰਦਾਂ 'ਤੇ ਸਰਵੇਖਣ ਕੀਤਾ ਤੇ ਉਨ੍ਹਾਂ ਨੂੰ ਇਕ ਤੋਂ 7 ਸਾਲ ਤੱਕ ਦੀ ਸਕੇਲ 'ਤੇ 93 ਵੱਖ-ਵੱਖ ਲੋਕਾਂ ਦੀ ਸੁੰਦਰਤਾ ਦਾ ਦਰਜਾ ਮਾਪਣ ਲਈ ਕਿਹਾ ਗਿਆ। ਇਸ ਦੇ ਨਤੀਜਿਆਂ ਦਾ ਡੈਟਾਬੇਸ ਵਿਚ ਇੰਦਰਾਜ ਕਰਕੇ ਇਨ੍ਹਾਂ ਨੂੰ 250 ਵੱਖ-ਵੱਖ ਮਾਪਾਂ ਉਤੇ ਚਿਹਰਿਆਂ ਦੀ ਕਾਤਰ ਵੇਚਰ ਨਾਲ ਜੋੜਿਆ ਗਿਆ ਜਿਵੇਂ ਨੱਕ ਤੇ ਠੋਡੀ ਦਾ ਅਨੁਪਾਤ, ਕੰਨ ਤੋਂ ਅੱਖ ਤੱਕ ਦਾ ਫਾਸਲਾ ਆਦਿ ਮਾਪੇ ਗਏ। ਇਸ ਤੋਂ ਖੋਜਾਰਥੀਆਂ ਨੇ ਇਕ ਗਣਿਤ ਸਿਰਜ ਲਿਆ ਜੋ ਕਿਸੇ ਵੀ ਸੱਜਰੀ ਤਸਵੀਰ ਵਿਚ ਸੁੰਦਰਤਾ ਦੇ ਮਨਚਾਹੇ ਕਾਰਕ ਲੈ ਆਉਂਦਾ ਹੈ। ਸਾਇੰਸ ਡੇਲੀ ਵਿਚ ਛਪੀ ਰਿਪੋਰਟ ਅਨੁਸਾਰ ਸੰਜੀ ਸੰਵਰੀ ਫੋਟੋ ਦੇ ਅਸਲ ਨਕਸ਼ ਅਸਲ ਤਸਵੀਰ ਵਾਲੇ ਹੀ ਹੁੰਦੇ ਹਨ।
|
|
ਸੁਨਾਮੀ ਦੀ ਦਸਤਕ ਹਰ 600 ਸਾਲ ਬਾਅਦ ! | |
ਨਵੀਂ ਦਿੱਲੀ 2 ਨਵੰਬਰ- ਚਾਰ ਸਾਲ ਪਹਿਲਾਂ ਹਿੰਦ ਮਹਾਂਸਾਗਰ ਤੋਂ ਉਠੀਆਂ ਸੁਨਾਮੀ ਲਹਿਰਾਂ ਦੇ ਕਹਿਰ ਨੂੰ ਭਲਾ ਕੌਣ ਭੁੱਲ ਸਕਦਾ ਹੈ ਪਰ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਸੁਨਾਮੀ ਨੇ ਆਪਣਾ ਭਿਆਨਕ ਰੂਪ ਦਿਖਾਇਆ ਸੀ। ਇਸ ਤੋਂ ਪਹਿਲਾਂ ਵੀ ਸੁਨਾਮੀ ਤਬਾਹੀ ਵਾਲਾ ਆਪਣਾ ਇਹ ਰੂਪ ਦਿਖਾ ਚੁੱਕੀ ਹੈ ਅਤੇ ਸ਼ਾਇਦ ਅੱਗੇ ਵੀ ਦਿਖਾਉਂਦੀ ਰਹੇਗੀ। ਇੰਡੋਨੇਸ਼ੀਆ ਦੇ ਕੇਟ ਸਟੇਟ ਯੂਨੀਵਰਸਿਟੀ ਦੇ ਸਾਬਕਾ ਭੂ-ਵਿਗਿਆਨੀ ਕੇਰਿਨ ਮੋਨੇਕੇ ਦੀ ਅਗਵਾਈ 'ਚ ਹੋਈ ਇਕ ਖੋਜ ਤੋਂ ਪਤਾ ਲਗਿਆ ਹੈ ਕਿ ਹਿੰਦ ਮਹਾਂਸਾਗਰ 'ਚ ਸੁਨਾਮੀ ਦੀਆਂ ਲਹਿਰਾਂ ਹਰ 600 ਤੋਂ 700 ਸਾਲਾਂ ਬਾਅਦ ਭਿਆਨਕ ਰੂਪ 'ਚ ਉਠਦੀਆਂ ਹਨ। ਸੁਨਾਮੀ 'ਤੇ ਖੋਜ ਕਰਨ ਵਾਲੀ ਇਕ ਹੋਰ ਟੀਮ ਦਾ ਕਹਿਣਾ ਹੈ ਕਿ ਸੁਨਾਮੀ ਹਰ 1300 ਤੋਂ 1400 ਸਾਲ 'ਚ ਪੂਰੇ ਇਲਾਕੇ 'ਚ ਤਬਾਹੀ ਲਿਆ ਦਿੰਦੀ ਹੈ। ਭਾਵੇਂ ਦੋਹਾਂ ਟੀਮਾਂ ਦੇ ਖੋਜੀਆਂ ਨੇ ਦੇਖਿਆ ਕਿ ਸੁਨਾਮੀ ਪਿਛਲੇ 25,00 ਸਾਲਾਂ 'ਚ ਕਈ ਵਾਰ ਕਹਿਰ ਦਿਖਾ ਚੁੱਕੀ ਹੈ। ਜ਼ਿਕਰਯੋਗ ਹੈ ਕਿ 2004 'ਚ ਆਈ ਸੁਨਾਮੀ ਨੇ 2,00,000 ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਸੀ।
|
|
ਇਤਾਲਵੀ ਬਰਫ ਦੇ ਆਦਮੀ ਦਾ ਵੰਸ਼ ਖ਼ਤਮ ! | |
ਨਵੀਂ ਦਿੱਲੀ 2 ਨਵੰਬਰ- ਇਟਲੀ ਦੇ ਪੁਰਾਤਨ ਕਾਲ 'ਚ ਬਰਫ ਦੇ ਆਦਮੀ (ਓਤਜੀ) ਦੇ ਵੰਸ਼ 'ਚੋਂ ਹੁਣ ਕੋਈ ਵੀ ਬਾਕੀ ਨਹੀਂ ਰਿਹਾ। ਓਤਜੀ ਦੀ ਤਕਰੀਬਨ 53,00 ਸਾਲ ਪੁਰਾਣੀ ਮਮੀ 1991 'ਚ ਟਾਇਰੋਲੀਅਨ ਐਲਪਸ ਪਹਾੜ 'ਤੇ ਬਰਫ 'ਚ ਜੰਮੀ ਹੋਈ ਮਿਲੀ ਹੈ। ਬ੍ਰਿਟੇਨ ਅਤੇ ਇਟਲੀ ਦੇ ਵਿਗਿਆਨਕਾਂ ਨੇ ਓਤਜੀ ਦੇ ਡੀ.ਐਨ.ਏ ਦੀ ਜਾਂਚ ਤੋਂ ਬਾਅਦ ਦੇਖਿਆ ਕਿ ਉਸ ਦੀ ਖਾਨਦਾਨੀ ਬਣਾਵਟ ਬਿਲਕੁਲ ਅਸਧਾਰਨ ਸੀ ਅਤੇ ਹੁਣ ਇਸ ਦੇ ਵੰਸ਼ 'ਚੋਂ ਕੋਈ ਵੀ ਬਾਕੀ ਨਹੀਂ ਬਚਿਆ। ਇਸ ਖੋਜ 'ਤੇ ਕੰਮ ਕਰਨ ਵਾਲੇ ਬ੍ਰਿਟੇਨ ਦੀ 'ਲੀਡਜ਼ ਯੂਨੀਵਰਸਿਟੀ' ਦੇ ਮਾਰਿਥ ਰਿਚਰਡਸ ਨੇ ਦੱਸਿਆ ਕਿ ਇਕ ਖੋਜ ਰਾਹੀਂ ਪਤਾ ਲਗਿਆ ਹੈ ਕਿ ਓਤਜੀ ਦੇ ਵੰਸ਼ਜ ਖ਼ਤਮ ਹੋ ਚੁੱਕੇ ਹਨ। ਇਸ ਤੋਂ ਪਹਿਲਾਂ 1994 'ਚ 'ਕਰੇਟ ਬਾਇਓਲੋਜੀ' 'ਚ ਪ੍ਰਕਾਸ਼ਤ ਖੋਜ 'ਚ ਇਸ ਤੋਂ ਉਲਟ ਕਿਹਾ ਗਿਆ ਸੀ ਕਿ ਬਰਫ਼ ਦੇ ਆਦਮੀ ਦੇ ਵੰਸ਼ਜ ਯੂਰਪ 'ਚ ਰਹਿੰਦੇ ਹਨ। ਰਿਚਰਡਸ ਨੇ ਕਿਹਾ ਕਿ ਉਨ੍ਹਾਂ ਦੇ ਵਿਸ਼ਲੇਸ਼ਣ ਤੋਂ ਸਪਸ਼ਟ ਹੈ ਕਿ ਆਧੁਨਿਕ ਯੂਰਪ 'ਚ ਓਤਜੀ ਦਾ ਕੋਈ ਵੰਸ਼ਜ ਨਹੀਂ ਹੈ। ਓਤਜੀ ਦੀ ਮਮੀ ਮਿਲਣ ਤੋਂ ਬਾਅਦ ਵਿਗਿਆਨਕ ਉਤਸ਼ਾਹਿਤ ਹੋ ਗਏ ਹਨ, ਓਤਜੀ ਦੀ ਲਾਸ਼ ਦੇ ਖੱਬੇ ਮੋਢੇ ਤੇ ਤੀਰ ਦੀ ਨੋਕ ਦਾ ਨਿਸ਼ਾਨ ਸੀ। ਇਸਦਾ ਮਤਲਬ ਹੈ ਕਿ ਸ਼ਾਇਦ ਓਤਜੀ ਇਕ ਸ਼ਿਕਾਰੀ ਸੀ।
|
|
ਚੰਦਾ ਮਾਮਾ ਨਜ਼ਰ ਆਉਣਗੇ ਪਰਦੇ 'ਤੇ | |
ਨਵੀਂ ਦਿੱਲੀ 2 ਨਵੰਬਰ- ਬੱਚਿਆਂ ਦੀ ਕਿਤਾਬ ਚੰਦਾ ਮਾਮਾ ਦੀਆਂ ਕਹਾਣੀਆਂ 'ਤੇ ਆਧਾਰਤ ਇਕ ਐਨੀਮੇਟਡ ਫ਼ਿਲਮ ਬਣਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ, ਇਸ ਦਾ ਨਿਰਮਾਣ ਟੂਨਜ਼ ਐਨੀਮੇਸ਼ਨ ਅਤੇ ਚੰਦਾ ਮਾਮਾ ਇੰਡੀਆ ਲਿਮਿਟਡ ਮਿਲਕੇ ਕਰਨਗੇ। ਇਕ ਜਾਣਕਾਰੀ ਮੁਤਾਬਕ ਫ਼ਿਲਮ ਦਾ ਨਿਰਮਾਣ ਟੂਨਜ਼ ਟੈਕਨੋਪਾਰਕ ਸਥਿਤ ਅਤਿ ਆਧੁਨਿਕ ਸਟੂਡੀਓ 'ਚ ਕੀਤਾ ਜਾਵੇਗਾ ਅਤੇ ਉਹ ਇਸ ਫ਼ਿਲਮ 'ਤੇ ਆਉਣ ਵਾਲੀ 20 ਕਰੋੜ ਦੀ ਅੰਦਾਜ਼ਨ ਕੀਮਤ ਦਾ ਖ਼ਰਚਾ ਵੀ ਖੁਦ ਕਰੇਗਾ। ਟੂਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ. ਜੇ ਕੁਮਾਰ ਨੇ ਕਿਹਾ ਕਿ ਚੰਦਾ ਮਾਮਾ ਦੀਆਂ ਕਹਾਣੀਆਂ ਕਈ ਪੀੜ੍ਹੀਆਂ ਤੋਂ ਲਗਾਤਾਰ ਬੱਚਿਆਂ ਦੀ ਖਿੱਚ ਦਾ ਕੇਂਦਰ ਹਨ ਅਤੇ ਅੱਜ-ਕਲ੍ਹ ਵੀ ਬੱਚੇ ਇਹ ਕਹਾਣੀਆਂ ਬੜੇ ਚਾਅ ਨਾਲ ਦੇਖਦੇ ਹਨ। ਐਨੀਮੇਸ਼ਨ ਫ਼ਿਲਮ ਰਾਹੀਂ ਨੌਜਵਾਨਾਂ ਨੂੰ ਵੀ ਸਿਖਿਆ ਦਾ ਇਕ ਵਧੀਆ ਮੰਚ ਮਿਲ ਸਕੇਗਾ।
|
|
ਸਹੀ ਕੰਮ ਕਰ ਰਿਹਾ ਹੈ ਚੰਦਰਯਾਨ-1 | |
ਬੰਗਲੌਰ 23 ਅਕਟੂਬਰ- ਭਾਰਤ ਦਾ ਪਹਿਲਾ ਚੰਦਰਮਾ ਮਿਸ਼ਨ ਚੰਦਰਯਾਨ-1 ਵੱਲੋਂ ਚੰਦਰਮਾ ਦੀ ਆਪਣੀ ਲੰਮੀ ਯਾਤਰਾ ਜਾਰੀ ਹੈ ਅਤੇ ਇਸ ਦੀ ਪਰਕੰਮਾ ਵਧਾਉਣ ਲਈ ਭਾਰਤੀ ਪੁਲਾੜ ਸੋਧ ਸੰਗਠਨ(ਇਸਰੋ) ਦੇ ਵਿਗਿਆਨੀਆਂ ਵੱਲੋਂ ਨਿਰਧਾਰਤ ਸੰਚਾਲਨ ਕਾਰਜ ਅੱਜ ਸੰਤੋਖ ਜਨਕ ਰਹੇ। ਇਸਰੋ ਦੇ ਇੱਕ ਅਧਿਕਾਰੀ ਨੇ ਭਾਸ਼ਾ ਨੂੰ ਇੱਥੇ ਕਿਹਾ ਕਿ ਪੁਲਾੜ ਯਾਨ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ.ਪਰਕੰਮਾ ਚੁੱਕਣ ਸੰਬੰਧੀ ਮੁਹਿੰਮ ਇੱਥੇ ਇਸਰੋ ਕੇਂਦਰਾਂ ਦੇ ਮਾਹਰਾਂ ਵੱਲੋਂ ਇਸਰੋ ਦੇ ਟੈਲੀਮੀਟਰੀ ਟ੍ਰੈਕਿੰਗ ਐਂਡ ਕਮਾਂਡ ਨੈਟਵਰਕ ਵਿਚ ਕੀਤੇ ਗਏ। ਚੰਦਰਯਾਨ-1 ਨੂੰ ਕੱਲ੍ਹ 255 ਕਿਲੋਮੀਟਰ ਦੇ ਪੇਰਿਜੀ(ਧਰਤੀ ਦੇ ਸੱਭ ਤੋਂ ਨੇੜ੍ਹਲੇ ਬਿੰਦੂ) ਅਤੇ 23 ਹਜ਼ਾਰ ਕਿਲੋਮੀਟਰ ਅਪੋਜੀ(ਧਰਤੀ ਦੇ ਸੱਭ ਤੋਂ ਦੂਰਾਡੇ ਵਾਲੇ ਬਿੰਦੂ) ਨਾਲ ਪੀਐਸਐਲਵੀ ਸੀ-11 ਰਾਹੀਂ ਅੰਡਾਕਾਰ ਪਰਕੰਮਾ ਵਿਚ ਪ੍ਰਵੇਸ਼ ਕਰਾਇਆ ਗਿਆ ਜਿਸ ਨੂੰ ਕੱਲ੍ਹ ਸ਼੍ਰੀ ਹਰੀਕੋਟਾ ਤੋਂ ਦਾਗਿਆ ਗਿਆ ਸੀ। ਇਸਰੋ ਵਿਗਿਆਨੀਆਂ ਦੀ ਯੋਜਨਾ ਹੈ ਕਿ ਯਾਨ ਵਿਚ ਲੱਗੀ ਲਿਕਵਿਡ ਅਪੋਜੀ ਮੋਟਰ ਨੂੰ ਵਾਰ-ਵਾਰ ਦਾਗਾ ਜਾਵੇ.ਪੁਲਾੜ ਯਾਨ ਦੇ 8 ਨਵੰਬਰ ਨੂੰ ਚੰਦਰਮਾ 'ਤੇ ਪੁੱਜਣ ਦੀ ਆਸ ਹੈ।
|
|
ਚੰਦਰਯਾਨ-1 ਦੀ ਸਫ਼ਲ ਉਡਾਨ | |
ਸ੍ਰੀਹਰੀਕੋਟਾ 23 ਅਕਤੂਬਰ- ਦੇਸ਼ ਦੇ ਪੁਲਾੜ ਪ੍ਰੋਗਰਾਮ ਵਿਚ ਅੱਜ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰਦੇ ਹੋਏ ਭਾਰਤ ਨੇ ਆਪਣੇ ਪਹਿਲੀ ਮਨੁੱਖ ਰਹਿਤ ਮੁਹਿੰਮ ਚੰਦਰਯਾਨ ਦੇ ਸਫ਼ਲ ਪਰੇਖਣ ਦੇ ਨਾਲ ਹੀ ਧਰਤੀ ਦੇ ਇਕਲੌਤੇ ਉਪਗ੍ਰਹਿ ਚੰਦਰਮਾ ਦਾ ਰਹੱਸ ਸੁਲਝਾਉਣ ਦੀ ਮੁਹਿੰਮ ਚਲਾਉਣ ਵਾਲੇ ਛੇਵੇਂ ਦੇਸ਼ ਦਾ ਦਰਜਾ ਹਾਸਲ ਕਰ ਲਿਆ ਹੈ। ਦੇਸ਼ ਵਿਚ ਵਿਕਸਤ ਇਸਰੋ ਦੇ ਪ੍ਰਮੁੱਖ ਪਰੇਖਣ ਵਾਹਨ ਪੀ.ਐਸ.ਐਲ.ਵੀ. ਸੀ-11 ਨਾਲ ਚੰਦਰਯਾਨ-1 ਦਾ ਅੱਜ ਸਵੇਰੇ 6.22 ਵਜੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪਰੇਖਣ ਕੀਤਾ ਗਿਆ। ਐਸ.ਸੀ. ਦੇ ਦੂਜੇ ਲਾਂਚ ਪੈਡ ਤੋਂ ਪਰੇਸ਼ਣ ਪਿੱਛੋਂ ਠੀਕ 18 ਮਿੰਟ 2 ਸਕਿੰਟ ਵਿਚ ਇਹ ਵਾਹਨ ਧਰਤੀ ਦੀ ਟਰਾਂਸਫਰ ਪੰਧ ਵਿਚ ਪਹੁੰਚ ਗਿਆ। ਧਰਤੀ ਤੋਂ ਘੱਟੋ ਘੱਟ 250 ਕਿਲੋਮੀਟਰ ਤੋਂ ਵੱਧ ਤੋਂ ਵੱਧ 23000 ਕਿਲੋਮੀਟਰ ਦੀ ਦੂਰੀ ਵਿਚਕਾਰ ਕਿਸੇ ਸਥਾਨ ਨੂੰ ਟਰਾਂਸਫਰ ਪੰਧ ਦਾ ਨਾਂ ਦਿੱਤਾ ਗਿਆ ਹੈ। ਇਸਰੋ ਦੇ ਮੁਖੀ ਜੀ.ਮਾਧਵਨ ਨਾਇਰ ਨੇ ਕਿਹਾ, ''ਪਰੇਖਣ ਇਕਦਮ ਸਟੀਕ ਸੀ ਇਹ ਪੀ.ਐਸ.ਐਲ.ਵੀ. ਦਾ ਬੇਹਤਰੀਨ ਪ੍ਰਦਰਸ਼ਨ ਸੀ। ਉਪਗ੍ਰਹਿ ਨੂੰ ਧਰਤੀ ਦੇ ਪੰਧ ਵਿਚ ਪਹੁੰਚਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਸੀਂ ਮੁਹਿੰਮ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ। ਚੰਦਰਯਾਨ-1 ਨੂੰ ਚੰਦਰਮਾ ਪੰਧ ਵਿਚ ਪਹੁੰਚਾਉਣ ਲਈ 15 ਦਿਨ ਲੱਗਣਗੇ।'' ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਚੰਦਰਯਾਨ-1 ਦੇ ਸਫ਼ਲ ਪਰੇਖਣ ਲਈ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਅਗਲੇ ਦੋ ਹਫ਼ਤਿਆਂ ਵਿਚ ਕੁਝ ਹੋਰ ਪ੍ਰਕਿਰਿਆਵਾਂ ਤੋਂ ਬਾਅਦ ਚੰਦਰਯਾਨ-1 ਚੰਦ ਦੀ ਸਤਾਹ ਤੋਂ 100 ਕਿਲੋਮੀਟਰ ਦੂਰ ਸਥਿਤ ਨਿਸ਼ਚਿਤ ਮੰਜ਼ਲ 'ਤੇ ਪਹੁੰਚ ਜਾਵੇਗਾ। 8 ਨਵੰਬਰ ਤੱਕ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਪਰੇਖਣ ਨਾਲ ਹੀ ਭਾਰਤ ਚੰਦਰ ਮੁਹਿੰਮ ਭੇਜਣ ਵਾਲਾ ਛੇਵਾਂ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਰੂਸ, ਯੂਰਪੀ ਪੁਲਾੜ ਏਜੰਸੀ, ਚੀਨ ਅਤੇ ਜਾਪਾਨ ਚੰਦਰਮਾ ਮੁਹਿੰਮ ਭੇਜ ਚੁੱਕੇ ਹਨ। ਭਾਰਤ ਦੇ ਪੁਲਾੜ ਮੁਹਿੰਮ ਦੀ ਸ਼ੁਰੂਆਤ 1984 ਵਿਚ ਹੋਈ ਸੀ ਜਦੋਂ ਭਾਰਤੀ ਪੁਲਾੜ ਯਾਤਰੀ ਸਕੈਡਰਨ ਲੀਡਰ ਰਾਕੇਸ਼ ਸ਼ਰਮਾ ਆਪਣੇ ਦੋ ਰੂਸੀ ਪੁਲਾੜ ਯਾਤਰੀਆਂ ਨਾਲ ਪੁਲਾੜ ਵਿਚ ਗਏ ਸਨ। ਚੰਦਰਯਾਨ-1 ਦੇ ਪਰੇਖਣ ਪਿੱਛੋਂ ਹੁਣ ਵਿਗਿਆਨੀਆਂ ਦਾ ਧਿਆਨ ਬੰਗਲੂਰ ਦੇ ਪਯੇਨਿਆ ਸਥਿਥ ਇਸਰੋ ਦੇ ਟੈਲੀਮੈਟ੍ਰੀ ਟ੍ਰੈਕਿੰਗ ਐਂਡ ਕਮਾਂਡ ਨੈਟਵਰਕ ਉਪਰ ਕੇਂਦ੍ਰਿਤ ਹੈ ਜਿਹੜਾ ਅਗਲੇ ਦੋ ਸਾਲਾਂ ਤੱਕ ਚੰਦਰਯਾਨ-1 ਉਪਰ ਨਜ਼ਰ ਰੱਖੇਗਾ ਅਤੇ ਇਸ ਦਾ ਕੰਟਰੋਲ ਸੰਭਾਲੇਗਾ। ਚੰਦਰਯਾਨ-1 ਆਪਣੇ ਨਾਲ ਰਾਸ਼ਟਰੀ ਝੰਡਾ ਵੀ ਲੈ ਕੇ ਗਿਆ ਹੈ ਜਿਸ ਨੂੰ ਮੂਨ ਇਮਪੈਕਟ ਪ੍ਰੋਬ ਚੰਦਰਮਾ ਦੀ ਸਤ੍ਹਾ ਉਪਰ ਰੱਖੇਗਾ। ਇਸ ਤੋਂ ਇਲਾਵਾ ਚੰਦਰਯਾਨ ਆਪਣੇ ਨਾਲ 11 ਪੇਲੋਡ ਲੈ ਕੇ ਗਿਆ ਹੈ। ਇਸ ਵਿਚੋਂ 2 ਔਜ਼ਾਰ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਹਨ ਜਿਹੜੇ ਚੰਦਰਮਾ ਦੀ ਸਤ੍ਹਾ ਉਪਰ ਖਣਿਜ ਸੋਮਿਆਂ ਅਤੇ ਬਰਫ਼ ਦੇ ਭੰਡਾਰਾਂ ਦਾ ਪਤਾ ਲਾਉਣਗੇ। ਧਰੁਵੀ ਖੇਤਰਾਂ ਨੂੰ ਨਾਪਣਗੇ ਅਤੇ ਚੰਦਰਮਾ ਦਾ ਤਿੰਨ ਪੱਖੀ ਨਕਸ਼ਾ ਤਿਆਰ ਕਰਨਗੇ। ਚੰਦਰਯਾਨ-1 ਚੰਦਰਮਾ ਦੀ ਸਤ੍ਹਾ ਉਪਰ ਯੂਰੇਨੀਅਮ ਦੇ ਸੰਭਾਵੀ ਭੰਡਾਰਾਂ ਦਾ ਵੀ ਪਤਾ ਲਗਾਵੇਗਾ ਕਿਉਂਕਿ ਭਾਰਤ ਕੌਮਾਂਤਰੀ ਦੁਵੱਲੇ ਪ੍ਰਮਾਣੂ ਸਮਝੌਤਿਆਂ ਦੇ ਰਾਹੀਂ ਆਪਣੀ ਊਰਜਾ ਸਮਰੱਥਾ ਵਿਚ ਵਾਧਾ ਕਰਨ ਲਈ ਤਿਆਰ ਹੈ। ਅਖ਼ੀਰ ਵਿਚ ਇਸਰੋ ਮੁਖੀ ਜੀ. ਮਾਧਵਨ ਨਾਇਰ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਚੰਦਰਮਾ ਮੁਹਿੰਮ ਦਾ ਪਹਿਲਾ ਪੜਾਅ ਅਤੇ ਸ਼ਾਇਦ ਚੰਦਰਮਾ ਦੀ ਯਾਤਰਾ ਦੇ ਸਭ ਤੋਂ ਕਠਿਨ ਪੜਾਵਾਂ ਵਿਚੋਂ ਇਕ ਪੜਾਅ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। 44.4 ਮੀਟਰ ਲੰਬਾ ਚਾਰ ਪੜਾਵੀ ਰਾਕੇਟ ਜਿਵੇਂ ਹੀ ਬੱਦਲਾਂ ਨੂੰ ਚੀਰਦਾ ਹੋਇਆ ਪੁਲਾੜ ਵੱਲ ਵਧਿਆ ਤਾਂ ਈਸਰੋ ਦੇ ਵਿਗਿਆਨੀ ਖ਼ੁਸ਼ੀ ਨਾਲ ਝੂਮ ਉਠੇ। ਇਸ ਪਰੇਖਣ ਨਾਲ ਦੇਸ਼ ਦੀ ਪਹਿਲੇ ਚੰਦ ਮੁਹਿੰਮ ਲਈ ਉਨ੍ਹਾਂ ਦੀ ਚਾਰ ਸਾਲਾਂ ਦੀ ਲਗਨ ਅਤੇ ਮਿਹਨਤ ਸਫ਼ਲ ਹੋ ਗਈ। ਨਾਇਰ ਨੇ ਕਿਹਾ, ''360 ਟਨ ਭਾਰੇ ਪੀ.ਐਸ.ਐਲ.ਵੀ. ਸੀ-11 ਨੇ ਉਪਗ੍ਰਹਿ ਨੂੰ ਧਰਤੀ ਤੋਂ ਟਰਾਂਸਫਰ ਪੰਧ ਵਿਚ ਪਹੁੰਚਾਉਣ ਦਾ ਟੀਚਾ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਜੇ ਸਭ ਕੁਝ ਠੀਕ ਠਾਕ ਰਿਹਾ ਤਾਂ 8 ਨਵੰਬਰ ਨੂੰ ਵਾਹਨ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੂਰ ਨਿਸ਼ਚਿਤ ਪਰਿਕਰਮਾ ਪੱਥ ਤੱਕ ਪਹੁੰਚ ਜਾਵੇਗਾ।'' ਨਾਇਰ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤ 2015 ਤੋਂ ਪਹਿਲਾਂ ਚੰਦਰਮਾ ਉਪਰ ਮਨੁੱਖ ਨੂੰ ਭੇਜਣ ਦੇ ਸਮਰੱਥ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸਰੋ ਲਈ ਹੁਣ ਅਗਲੀ ਮੰਜ਼ਿਲ ਮੰਗਲ ਹੋਵੇਗਾ। ਲੋਕ ਸਭਾ ਦੀ ਬੈਠਕ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਨੇ ਸਦਨ ਨੂੰ ਇਸਰੋ ਵਲੋਂ ਚੰਦਰਮਾ ਮਿਸ਼ਨ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਤਾਂ ਮੈਂਬਰਾਂ ਨੇ ਮੇਜ਼ਾਂ ਥਪਥਪਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਰਾਜ ਸਭਾ ਵਿਚ ਚੇਅਰਮੈਨ ਹਬੀਬ ਅਨਸਾਰੀ ਨੇ ਵੀ ਇਸਰੋ ਦੀ ਇਸ ਇਤਿਹਾਸਕ ਸਫ਼ਲਤਾ ਦੀ ਜਾਣਕਾਰੀ ਦਿੱਤੀ ਤਾਂ ਸੰਸਦ ਦੇ ਦੋਹਾਂ ਸਦਨਾਂ ਨੇ ਚੰਦਰਯਾਨ-1 ਮਿਸ਼ਨ ਵਿਚ ਲੱਗੇ ਸਾਰੇ ਵਿਗਿਆਨੀਆਂ ਨੂੰ ਇਸ ਸਫ਼ਲਤਾ ਦੀ ਵਧਾਈ ਦਿੱਤੀ। ਸਾਬਕਾ ਰਾਸ਼ਟਰਪਤੀ ਏ.ਪੀ.ਜੇ.ਅਬਦੁਲ ਕਲਾਮ ਨੇ ਵੀ ਇਸਰੋ ਦੀ ਚੰਦਰ ਮਿਸ਼ਨ ਸਫ਼ਲ ਬਣਾਉਣ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚੰਦਰਯਾਨ ਦਾ ਪਰੇਖਣ ਪਹਿਲਾ ਕਦਮ ਹੈ ਅਤੇ ਉਮੀਦ ਹੈ ਕਿ ਇਸ ਮਿਸ਼ਨ ਦਾ ਹਰੇਕ ਕਦਮ ਸਹੀ ਦਿਸ਼ਾ ਵੱਲ ਹੋਵੇਗਾ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਚੰਦਰਯਾਨ-1 ਦੇ ਸਫ਼ਲ ਪਰੇਖਣ ਲਈ ਇਸਰੋ ਦੇ ਵਿਗਿਆਨੀਆਂ ਅਤੇ ਟੈਕਨੀਸ਼ਨਾਂ ਨੂੰ ਵਧਾਈ ਸੰਦੇਸ਼ ਭੇਜਿਆ ਹੈ। ਚੰਦਰਯਾਨ ਦੇ ਸਫ਼ਲ ਪਰੇਖਣ 'ਤੇ ਅਮਰੀਕਾ ਅਤੇ ਯੂਰਪੀਨ ਭਾਈਚਾਰੇ ਨੇ ਭਾਰਤ ਨੂੰ ਵਧਾਈ ਦਿੱਤੀ ਹੈ। ਕਾਂਗਰਸ ਪ੍ਰਧਾਨ ਅਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਨੇ ਚੰਦਰਯਾਨ-1 ਦੇ ਸਫ਼ਲ ਪਰੇਸ਼ਣ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਇਕ ਇਤਿਹਾਸਕ ਘਟਨਾ ਦੱਸਦੇ ਹੋਏ ਕਿਹਾ ਕਿ ਇਹ ਸਾਡੀ ਸਵੈਨਿਰਭਰਤਾ ਅਤੇ ਪੁਲਾੜ ਖੇਤਰ ਵਿਚ ਭਾਰੀ ਸਫ਼ਲਤਾ ਹੈ।
|
|
ਐਕਾਰਡ ਨੇ ਮੋਬਾਈਲ ਫੋਨ ਲਾਂਚ ਕੀਤਾ | |
ਚੰਡੀਗਡ਼੍ਹ 4 ਅਕਤੂਬਰ- ਪ੍ਰਸਿਧ ਟੈਲੀਫੋਨ ਕੰਪਨੀ ਐਕਾਰਡ ਕਮਿਊਨੀਕੇਸ਼ਨ ਲਿਮ. ਨੇ ਐਕਾਰਡ ਮੋਬਾਈਲ ਦੇ ਨਾਂਅ 'ਤੇ ਮੋਬਾਈਲ ਫੋਨ ਬਾਜ਼ਾਰ 'ਚ ਉਤਾਰਿਆ ਹੈ। ਇਸ ਦਾ ਪਹਿਲਾ ਹੈਂਡ ਸੈਟ ਏ-216 ਸਟਾਈਲਿਸ਼ ਮਿਊਜਿਕ ਫੋਨ ਹੈ। ਇਸ ਫੋਨ 'ਚ 1.5” ਦੀ ਰੰਗਦਾਰ ਡਿਸਪਲੇਅ, ਐਫ ਐਮ, ਐਮ ਪੀ-3, ਵੀਡਿਉ ਪਲੇਅਰ, ਪੋਲੀਫੋਨਿਕ ਰਿੰਗਟੋਨ, ਥ੍ਰੀ ਵੇਅ ਕਾਨਫਰੰਸ, ਫੋਨ ਬੁੱਕ, ਸਟੀਰਿਉ ਹੈਂਡਸੈਟ ਅਤੇ ਸਪੀਕਰ ਆਦਿ ਸ਼ਾਮਿਲ ਹਨ। ਇਸ 'ਚ ਇਕ ਜੀ ਬੀ ਦਾ ਮੈਂਮਰੀ ਕਾਰਡ ਵੀ ਲੱਗ ਸਕਦਾ ਹੈ। ਇੰਨੀਆਂ ਖੂਬੀਆਂ ਵਾਲੇ ਇਸ ਸੋਹਣੇ ਮੋਬਾਈਲ ਫੋਨ ਦੀ ਕੀਮਤ ਹੈ ਸਿਰਫ 2149 ਰੁਪਏ।
|
|